Jalandhar : ਅੱਜ ਮਿਤੀ 08/11/2025 ਨੂੰ ਪੰਜਾਬ ਰੋਡਵੇਜ਼ ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਹਰਕੇਸ਼ ਕੁਮਾਰ ਵਿੱਕੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ਼ ਇੱਕ ਸਿੱਖਿਆ ਸੰਸਥਾ ਨਹੀਂ, ਸਗੋਂ ਪੰਜਾਬ ਦੀ ਸੱਭਿਆਚਾਰਕ, ਬੌਧਿਕ ਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਇਸ ਯੂਨੀਵਰਸਿਟੀ ਨੇ ਦਹਾਕਿਆਂ ਤੋਂ ਪੰਜਾਬ ਅਤੇ ਪੂਰੇ ਦੇਸ਼ ਦੇ ਕੋਨੇ ਕੋਨੇ ਤੋ ਵਿਦਿਆਰਥੀਆਂ ਨੂੰ ਗਿਆਨ ਅਤੇ ਰੋਸ਼ਨੀ ਦਿੱਤੀ ਹੈ ਤੇ ਇਸ ਦੇਸ਼ ਨੂੰ ਚਲਾਉਣ ਲਈ ਵੱਡੇ ਅਫ਼ਸਰ ਬਣਾਏ ਹਨ ਅਤੇ ਪੰਜਾਬ ਦੀ ਆਵਾਜ਼ ਨੂੰ ਰਾਸ਼ਟਰੀ ਪੱਧਰ ‘ਤੇ ਪਹੁੰਚਾਇਆ ਹੈ।ਅਤੇ ਹੁਣ ਕੇਂਦਰ ਸਰਕਾਰ ਵਲੋਂ ਪੰਜਾਬ ਦਿਵਸ ਤੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਇਸ ਯੂਨੀਵਰਸਿਟੀ ਨੂੰ ਪੰਜਾਬ ਦੇ ਅਧਿਕਾਰ ਖੇਤਰ ਤੋ ਖੋਹ ਕੇ ਕੇਂਦਰ ਸਰਕਾਰ ਦੇ ਅਧਿਕਾਰ ਵਿਚ ਲਿਆਉਣਾ ਪੰਜਾਬ ਅਤੇ ਪੰਜਾਬੀਅਤ ਨਾਲ ਸਰਾਸਰ ਧੱਕਾ ਹੈ ਜਿਸ ਦੀ
ਅਸੀਂ ਸਮੁੱਚੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵਲੋ ਕੇਂਦਰ ਸਰਕਾਰ ਦੀ ਇਸ ਸੰਸਥਾ ਦੀ ਸੁਤੰਤਰਤਾ ਤੇ ਪੰਜਾਬ ਦੇ ਹਿੱਸੇ ‘ਤੇ ਡਾਕਾ ਮਾਰਨ ਦੀ ਦਖ਼ਲ ਅੰਦਾਜ਼ੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਯੂਨੀਵਰਸਿਟੀ ਦੀ ਸੈਨੇਟ ਅਤੇ ਪ੍ਰਬੰਧਕੀ ਢਾਂਚੇ ਵਿੱਚ ਕੇਂਦਰੀ ਨਿਯੁਕਤ ਪ੍ਰਬੰਧਨਾਂ ਦੀ ਵਾਧੂ ਹਿੱਸੇਦਾਰੀ, ਪੰਜਾਬ ਦੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।ਇਹ ਨੀਤੀਆਂ ਸਿਰਫ਼ ਇੱਕ ਯੂਨੀਵਰਸਿਟੀ ‘ਤੇ ਨਹੀਂ, ਸਗੋਂ ਸੂਬਾਈ ਅਧਿਕਾਰਾਂ, ਸੰਵਿਧਾਨਿਕ ਸੰਘੀ ਢਾਂਚੇ ਅਤੇ ਪੰਜਾਬ ਦੇ ਮਾਣ ‘ਤੇ ਸਿੱਧਾ ਹਮਲਾ ਹੈ।
ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ, ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਆਪਣੀਆਂ ਸੰਸਥਾਵਾਂ ਨੂੰ ਆਪਣੀ ਮਿਹਨਤ ਤੇ ਕੁਰਬਾਨੀਆਂ ਨਾਲ ਖੜ੍ਹਾ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਉਹਨਾਂ ਵਿੱਚੋਂ ਇੱਕ ਹੈ। ਜਿਸਦੀ ਜੜ੍ਹ ਪੰਜਾਬ ਦੀ ਮਿੱਟੀ ਵਿੱਚ ਹੈ ਅਤੇ ਜਿਸ ਦਾ ਹਰ ਪੰਨਾ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਨਾਲ ਭਰਿਆ ਹੈ ਅਤੇ ਚੰਡੀਗੜ੍ਹ ਵਸੋਂ ਵਿਚ ਲਿਆਉਣ ਲਈ ਪੰਜਾਬ ਦੇ ਹੀ ਪਿੰਡ ਉਜਾੜੇ ਗਏ ਅਤੇ ਹੁਣ ਪੰਜਾਬ ਦੇ ਪਿੰਡਾਂ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੇ ਲੋਕਾਂ ਦੀ ਦਾਤ ਨੂੰ ਖੋਹ ਕੇ ਪੰਜਾਬ ਨਾਲ ਸਰਾਸਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਦੇ ਹੱਕਾਂ ‘ਤੇ ਡਾਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੀ ਹਰ ਆਵਾਜ਼, ਹਰ ਯੂਨੀਅਨ ਅਤੇ ਹਰ ਵਿਦਿਆਰਥੀ ਇਸ ਮਾਮਲੇ ਵਿੱਚ ਇੱਕਜੁੱਟ ਹੈ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਸ਼ਾਨ ਹੈ। ਆਪਣੇ ਪੰਜਾਬ ਦੀ ਸ਼ਾਨ ਨੂੰ ਬਚਾਉਣ ਦੇ ਲਈ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਆਪਣੇ ਪੰਜਾਬ ਨਾਲ ਖੜੀ ਹੈ ਕੇਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਪੰਜਾਬ ਆਪਣੇ ਹੱਕਾਂ ਨੂੰ ਕਦੇ ਵੀ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਪੰਜਾਬ ਯੂਨੀਵਰਸਿਟੀ ਬਚਾਉ ਮੋਰਚਾ ਚੰਡੀਗੜ੍ਹ ਦੇ ਹਰ ਸੰਘਰਸ ਵਿੱਚ 10 ਨਵੰਬਰ 2025 ਨੂੰ ਸ਼ਮੂਲੀਅਤ ਕਰਕੇ ਹਮਾਇਤ ਕੀਤੀ ਜਾਵੇਗੀ।
Share this content:


