ਜਲੰਧਰ:
ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਜਲੰਧਰ ਵਿੱਚ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਭਾਰਗਵ ਕੈਂਪ ਸਥਿਤ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਮੁੱਖ ਮੰਦਰ ਵਿੱਚ ਮੱਥਾ ਟੇਕਣ ਲਈ ਪਹੁੰਚੇ ਅਤੇ ਸਤਿਗੁਰੂ ਕਬੀਰ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਦਿਖਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਹਮੇਸ਼ਾ ਸੱਚ ਦਾ ਸਮਰਥਨ ਕਰਨ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਦੌਰਾਨ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਐਮਪੀ ਫੰਡ ਤਹਿਤ 25 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ ਹੈ। ਇਹ ਗ੍ਰਾਂਟ ਸਤਿਗੁਰੂ ਕਬੀਰ ਮੰਦਰ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਦੇ ਵਿਕਾਸ ਲਈ ਦਿੱਤੀ ਗਈ ਹੈ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਉਨ੍ਹਾਂ ਵੱਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਸ਼ਾਨਦਾਰ ਮੰਦਰ ਬਣਾਉਣ ਲਈ ਦੋ ਵਾਰ 12 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਅਤੇ ਕਾਂਗਰਸ ਦੇ ਕਾਰਜਕਾਲ ਦੌਰਾਨ 120 ਫੁੱਟ ਸੜਕ ‘ਤੇ ਜ਼ਮੀਨ ਵੀ ਅਲਾਟ ਕੀਤੀ ਗਈ ਸੀ ਜਿੱਥੇ ਸਤਿਗੁਰੂ ਕਬੀਰ ਜੀ ਦੇ ਨਾਮ ‘ਤੇ ਭਵਨ ਬਣਾਇਆ ਗਿਆ ਹੈ।ਪਰ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਕੇਜਰੀਵਾਲ ਜਲੰਧਰ ਵਿੱਚ ਸਤਿਗੁਰੂ ਕਬੀਰ ਜੀ ਮਹਾਰਾਜ ਦੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ, ਹਾਲਾਂਕਿ ਇਹ ਦੋਵੇਂ ਆਗੂ ਜਲੰਧਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਤਿਗੁਰੂ ਕਬੀਰ ਦੇ ਮੁੱਖ ਮੰਦਰ ਤੋਂ ਕੁਝ ਕਿਲੋਮੀਟਰ ਦੂਰ ਇੱਕ ਰੈਲੀ ਕੀਤੀ, ਪਰ ਰਾਜ ਪੱਧਰੀ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣਾ ਇੰਨਾਂ ਦੋਵੇਂ ਨੇਤਾਵਾਂ ਨੇ ਉਚਿਤ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਗਰੀਬਾਂ ਨੂੰ ਨਫ਼ਰਤ ਕਰਦੇ ਹਨ ਅਤੇ ਇਹ ਗਰੀਬਾਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਗਰੀਬਾਂ ਨੂੰ ਗੁੰਮਰਾਹ ਕਰਕੇ ਵੋਟਾਂ ਪ੍ਰਾਪਤ ਕਰਨ ਤੱਕ ਸੀਮਤ ਹਨ ਪਰ ਗਰੀਬਾਂ ਦੇ ਸੁੱਖ-ਦੁੱਖ ਵਿੱਚ ਹਿੱਸਾ ਨਹੀਂ ਲੈਂਦੇ।
Share this content: