ਜਲੰਧਰ। ਸਮਾਜ ਸੇਵਾ ਵੱਲ ਸ਼ਾਨਦਾਰ ਕਦਮ ਚੁੱਕਦੇ ਹੋਏ ਅਮਰੀਕਾ ਦੇ ਵੱਡੇ ਕਾਰੋਬਾਰੀ ਲਖਵਿੰਦਰ ਸ਼ਾਹ ਨੇ ਮੁਫਤ ਟੈਕਸ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਵੱਲੋਂ ਇੱਕ ਨਵੀਂ ਕਾਰ ‘ਈਕੋ’ ਖਰੀਦੀ ਗਈ ਹੈ ਜੋ ਲੋੜਵੰਦ ਲੋਕਾਂ ਲਈ 24 ਘੰਟੇ ਮੁਫ਼ਤ ਸੇਵਾ ਵਿੱਚ ਹੋਵੇਗੀ। ਲਖਵਿੰਦਰ ਸ਼ਾਹ ਨੇ ਕਿਹਾ ਕਿ ਜਲੰਧਰ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਕਾਰ ਨਾ ਹੋਣ ਕਾਰਨ ਡਾਕਟਰੀ ਲੋੜਾਂ ਸਮੇਤ ਆਉਣ-ਜਾਣ ਲਈ ਬੱਸਾਂ ਅਤੇ ਪ੍ਰਾਈਵੇਟ ਟੈਕਸੀਆਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਦਾ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਖਰਚਾ ਆਉਂਦਾ ਹੈ।

ਉਨ੍ਹਾਂ ਵੱਲੋਂ ਆਪਣੇ ਤਾਇਆ ਦਰਸ਼ਨ ਸਿੰਘ ਟੂਰਨਾ ਅਤੇ ਤਾਈ ਮਿੰਦੋ ਵਾਸੀ ਚੱਕ ਹੁਸੈਨਾ ਵਾਸੀ ਲੰਬਾ ਪਿੰਡ ਦੀ ਯਾਦ ਵਿੱਚ ਲੋੜਵੰਦ ਲੋਕਾਂ ਲਈ ਮੁਫ਼ਤ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ ਅਤੇ ਇਸੇ ਕਾਰਨ ਲੋਕਾਂ ਦੀ ਮੁੱਖ ਸਮੱਸਿਆ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਕਸਰ ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਿਹਤ ਸਹੂਲਤਾਂ ਲਈ ਹਸਪਤਾਲ ਜਾਣ ਵਾਲੇ ਲੋਕਾਂ ਨੂੰ ਕਾਰ ਦੀ ਮੁੱਖ ਲੋੜ ਹੁੰਦੀ ਹੈ। ਇਸ ਦੇ ਲਈ ਉਨ੍ਹਾਂ ਦੀ ਤਰਫੋਂ ਇੱਕ ਡਰਾਈਵਰ ਵੀ ਨਿਯੁਕਤ ਕੀਤਾ ਗਿਆ ਹੈ। ਲੋੜਵੰਦ ਲੋਕ ਮੋਬਾਈਲ ਨੰਬਰ 76963 32009 ‘ਤੇ ਸੰਪਰਕ ਕਰਕੇ ਇਸ ਟੈਕਸੀ ਦਾ ਲਾਭ ਲੈ ਸਕਦੇ ਹਨ। ਵਰਨਣਯੋਗ ਹੈ ਕਿ ਲਖਵਿੰਦਰ ਸਿੰਘ ਸ਼ਾਹ ਅਮਰੀਕਾ ਦੇ ਵੱਡਾ ਕਾਰੋਬਾਰੀ ਹਨ ਅਤੇ ਜਲੰਧਰ ਦੇ ਪਿੰਡ ਚੱਕ ਹੁਸੈਨਾ ਲੰਮਾ ਪਿੰਡ ਵਿੱਚ ਰਹਿੰਦੇ ਹਨ। ਉਹ 2 ਸਾਲ ਪਹਿਲਾਂ ਆਪਣੀ ਕਾਰ ਰਾਹੀਂ ਅਮਰੀਕਾ ਤੋਂ ਜਲੰਧਰ ਦਰਜਨਾਂ ਦੇਸ਼ਾਂ ਵਿੱਚੋਂ ਲੰਘਦੇ ਹੋਇਆ ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਜਲੰਧਰ ਪਹੁੰਚੇ ਸਨ। ਉਨਾ ਦੀ ਇਸ ਪ੍ਰਾਪਤੀ ਨੂੰ ਕਈ ਵੱਡੇ ਨਿਊਜ਼ ਚੈਨਲਾਂ ਨੇ ਸੋਸ਼ਲ ਮੀਡੀਆ ‘ਤੇ ਵੀ ਪ੍ਰਕਾਸ਼ਿਤ ਕੀਤਾ ਹੈ। ਇਸ ਪ੍ਰਾਪਤੀ ‘ਤੇ ਉਨ੍ਹਾਂ ਨੂੰ ਪਿਛਲੇ ਸਾਲ ਦੁਬਈ ‘ਚ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਸਨਮਾਨਿਤ ਵੀ ਕੀਤਾ ਸੀ। ਲਖਵਿੰਦਰ ਸ਼ਾਹ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ।
Share this content: