ਜਲੰਧਰ, 5 ਅਪ੍ਰੈਲ : ਖੇਡ ਵਿਭਾਗ ਵੱਲੋਂ ਸੈਸ਼ਨ 2025-26 ਲਈ ਸਪੋਰਟਸ ਵਿੰਗ ਸਕੂਲ ਵਿੱਚ ਹੋਣਹਾਰ ਖਿਡਾਰੀਆਂ/ਖਿਡਾਰਣਾਂ ਦੇ ਦਾਖ਼ਲੇ ਲਈ ਕਰਵਾਏ ਜਾ ਰਹੇ ਖੇਡ ਟਰਾਇਲਾਂ ਤਹਿਤ ਜ਼ਿਲ੍ਹਾ ਜਲੰਧਰ ਦੇ ਖੇਡ ਟਰਾਇਲ (ਰੈਜ਼ੀਡੈਂਸ਼ੀਅਲ ਅਤੇ ਡੇ ਸਕਾਲਰ) 11 ਅਤੇ 12 ਅਪ੍ਰੈਲ 2025 ਨੂੰ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ, ਤੈਰਾਕੀ, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਫੁੱਟਬਾਲ ਅੰਡਰ-17, 19 (ਕੇਵਲ ਲੜਕੇ) ਦੇ ਖੇਡ ਟਰਾਇਲ ਸਟੇਟ ਸਪੋਰਟਸ ਸਕੂਲ/ਕਾਲਜ ਕਪੂਰਥਲਾ ਰੋਡ ਜਲੰਧਰ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਾਸਕਟਬਾਲ, ਟੇਬਲ ਟੈਨਿਸ, ਕੁਸ਼ਤੀ (ਅੰਡਰ-14,17,19) ਲੜਕੇ-ਲੜਕੀਆਂ ਦੇ ਟਰਾਇਲ ਹੰਸ ਰਾਜ ਸਟੇਡੀਅਮ, ਨੇੜੇ ਬੀ.ਐਮ.ਸੀ. ਚੌਕ ਜਲੰਧਰ, ਹਾਕੀ, ਲਾਅਨ ਟੈਨਿਸ (ਅੰਡਰ-14,17 ਤੇ 19) ਲੜਕੇ-ਲੜਕੀਆਂ ਦੇ ਟਰਾਇਲ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਜਲੰਧਰ ਵਿਖੇ ਕਰਵਾਏ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਐਥਲੈਟਿਕਸ, ਤੈਰਾਕੀ, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਖੋਹ-ਖੋਹ (ਅੰਡਰ-14,17 ਤੇ 19) ਲੜਕੇ-ਲੜਕੀਆਂ ਦੇ ਖੇਡ ਟਰਾਇਲ ਸਟੇਟ ਸਪੋਰਟਸ ਸਕੂਲ/ਕਾਲਜ ਕਪੂਰਥਲਾ ਰੋਡ ਜਲੰਧਰ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਵੇਟਲਿਫਟਿੰਗ (ਅੰਡਰ-14,17 ਤੇ 19) ਲੜਕੇ-ਲੜਕੀਆਂ ਦੇ ਟਰਾਇਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਅਤੇ ਜੂਡੋ ਅੰਡਰ-14, 17 ਤੇ 19 (ਲੜਕੇ-ਲੜਕੀਆਂ) ਦੇ ਟਰਾਇਲ ਨਹਿਰੂ ਗਾਰਡਨ ਸਕੂਲ ਜਲੰਧਰ ਵਿਖੇ ਕਰਵਾਏ ਜਾਣਗੇ।
ਸਪੋਰਟਸ ਵਿੰਗ ’ਚ ਦਾਖ਼ਲੇ ਲਈ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ/ਖਿਡਾਰਨ ਦਾ ਜਨਮ ਅੰਡਰ-14 ਲਈ 1-1-2012, ਅੰਡਰ-17 ਲਈ 1-1-2009, ਅੰਡਰ-19 ਲਈ 1-1-2007 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਸਪੋਰਟਸ ਸਕੂਲ ਜਲੰਧਰ ਲਈ ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰ/ਰਾਜ ਪੱਧਰ ਮੁਕਾਬਲਿਆਂ ਵਿੱਚ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਰਾਸ਼ਟਰੀ ਪੱਧਰ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਵੇ। ਖਿਡਾਰੀ ਵੱਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਸਟੇਟ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ।
ਉਨ੍ਹਾਂ ਦੱਸਿਆ ਕਿ ਚੁਣੇ ਗਏ ਰੈਜ਼ੀਡੈਂਸਲ ਖਿਡਾਰੀਆਂ ਨੂੰ 225 ਰੁਪਏ ਅਤੇ ਡੇ-ਸਕਾਲਰ ਖਿਡਾਰੀਆਂ ਨੂੰ 125 ਰੁਪਏ ਪ੍ਰਤੀ ਦਿਨ, ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਾਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਯੋਗ ਖਿਡਾਰੀ ਨਿਰਧਾਰਿਤ ਮਿਤੀਆਂ ਅਨੁਸਾਰ ਸਬੰਧਤ ਟਰਾਇਲ ਸਥਾਨ ’ਤੇ ਸਵੇਰੇ 8 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨ। ਦਾਖ਼ਲਾ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ’ਤੇ ਜਾਂ ਇਸ ਤੋਂ ਪਹਿਲਾਂ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਜਲੰਧਰ ਤੋਂ ਮੁਫ਼ਤ ਪ੍ਰਾਪਤ ਜਾ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ ਫੋਟੋਗ੍ਰਾਫ਼ ਦਾਖਲਾ ਫਾਰਮ ਦੇ ਨਾਲ ਲੈ ਕੇ ਆਉਣ।
Share this content: