ਚੰਡੀਗੜ੍ਹ, 4 ਅਗਸਤ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਸ ਸੀ ਭਾਈਚਾਰੇ ਦੇ ਸਾਬਕਾ ਫੌਜੀਆਂ ਤੇ ਦੋ ਹੋਰਨਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ’ਤੇ ਮਾਰੀ 45 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ ਕੀਤਾ ਜਾਵੇ।
ਇਥੇ ਸਾਬਕਾ ਫੌਜੀਆਂ ਜਿਹਨਾਂ ਨੇ ਪੰਜਾਬ ਪੁਲਿਸ ’ਤੇ ਉਹਨਾ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਦਾ ਨਾਂ ਐਫ ਆਈ ਆਰ ਵਿਚ ਸ਼ਾਮਲ ਨਾ ਕਰਨ ਦੇ ਦੋਸ਼ ਲਗਾਏ, ਦੇ ਸਮੇਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਸ੍ਰੀ ਚੰਨੀ ਨਾਲ ਅੰਦਰਖਾਤੇ ਸਮਝੌਤਾ ਹੋ ਗਿਆ ਹੈ ਤੇ ਇਸੇ ਕਾਰਨ ਪੁਲਿਸ ਵੱਲੋਂ ਇਸ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਚਾਰ ਸਾਬਕਾ ਫੌਜੀਆਂ ਨੇ ਚੰਨੀ ਦੇ ਕਰੀਬੀ ਦਲਜੀਤ ਸਿੰਘ ਕੋਲ ਪਹੁੰਚ ਕੀਤੀ ਜਿਸਨੇ ਵਾਅਦਾ ਕੀਤਾ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਭਰਤੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੋ ਹੋਰਨਾਂ ਜਿਹਨਾਂ ਨੇ ਦਲਜੀਤ ਨੂੰ ਮੋਟੀਆਂ ਰਕਮਾਂ ਦਿੱਤੀਆਂ, ਨੂੰ ਪੰਜਾਬ ਪੁਲਿਸ ਵਿਚ ਨੌਕਰੀਆਂ ਦਾ ਵਾਅਦਾ ਕੀਤਾ ਗਿਆ।
ਇਕ ਸਾਬਕਾ ਫੌਜੀ ਗੁਰਦਿਆਲ ਸਿੰਘ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦਲਜੀਤ ਸਿੰਘ ਦੇ ਨਾਲ ਸ੍ਰੀ ਚੰਨੀ ਨੂੰ ਮਿਲੇ ਸਨ ਤੇ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਭਰਤੀ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਸ੍ਰੀ ਚੰਨੀ ਕੰਮ ਵਾਸਤੇ ’ਸੇਵਾ ਪਾਣੀ’ ਪੁੱਛਿਆ ਤਾਂ ਸ੍ਰੀ ਚੰਨੀ ਨੇ ਉਹਨਾਂ ਨੂੰ ਆਖਿਆਕਿ ਉਹ ਆਪਣੇ ਵੱਲੋਂ ਸਭ ਕੁਝ ਦਲਜੀਤ ਸਿੰਘ ਨੂੰ ਦੱਸ ਦੇਣਗੇ। ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਉਸਨੇ 17 ਲੱਖ ਰੁਪਏ ਅਦਾ ਕਰ ਦਿੱਤੇ ਜਦੋਂ ਕਿ ਸਾਬਕਾ ਫੌਜੀ ਜਗਦੀਸ਼ ਸਿੰਘ ਨੇ 6 ਲੱਖ ਰੁਪਏ ਤੇ ਸਾਬਕਾ ਫੌਜੀ ਦਰਸ਼ਨ ਸਿੰਘ ਤੇ ਧਰਮਿੰਦਰ ਸਿੰਘ ਨੇ 5-5 ਲੱਖ ਰੁਪਏ ਅਦਾ ਕੀਤੇ। ਉਹਨਾਂ ਦੱਸਿਆ ਕਿ ਦੋ ਹੋਰਨਾਂ ਨਵਦੀਪ ਸਿੰਘ ਤੇ ਬੱਚਿਤਰ ਸਿੰਘ ਨੇ 5 ਲੱਖ ਰੁਪਏ ਤੇ 3.70 ਰੁਪਏ ਅਦਾ ਕੀਤੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਚੰਨੀ ਦੇ ਕਰੀਬੀ ਰੋਬਿਨ ਨੇ ਉਹਨਾਂ ਤੋਂ ਪੈਸੇ ਇਕੱਤਰ ਕੀਤੇ, ਉਸਦਾ ਵੀਡੀਓਗ੍ਰਾਫਿਕ ਸਬੂਤ ਵੀ ਮੌਜੂਦ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਅਪ੍ਰੈਲ 2021 ਅਤੇ ਨਵੰਬਰ 2021 ਵਿਚ ਚੰਨੀ ਨੂੰ ਮਿਲੇ ਸਨ ਤੇ ਬਾਅਦ ਵਿਚ ਚੰਨੀ ਨੇ ਸਾਬਕਾ ਫੌਜੀਆਂ ਨੂੰ ਡੀ ਜੀ ਪੀ ਦਫਤਰ ਤੋਂ ਇਕ ਪਾਸ ਜਾਰੀ ਕੀਤਾ ਤਾਂ ਜੋ ਉਹ 10 ਨਵੰਬਰ 2023 ਨੂੰ ਡੀ ਜੀ ਪੀ ਨੂੰ ਮਿਲ ਸਕਣ। ਉਹਨਾਂ ਕਿਹਾ ਕਿ ਜਦੋਂ ਕੁਝ ਵੀ ਨਹੀਂ ਹੋਇਆ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨਾਲ ਠੱਗੀ ਮਾਰੀ ਗਈ ਹੈ ਤੇ ਉਹਨਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਪਹੁੰਚ ਕੀਤੀ ਪਰ ਉਸਨੇ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ।
ਗੁਰਦਿਆਲ ਸਿੰਘ ਨੇ ਦੱਸਿਆ ਕਿ ਅਖੀਰ ਵਿਚ ਦਲਜੀਤ ਸਿੰਘ ਖਿਲਾਫ ਕੇਸ ਉਦੋਂ ਦਰਜ ਕੀਤਾ ਗਿਆ ਜਦੋਂ ਬੀ ਕੇ ਯੂ ਉਗਰਾਹਾਂ ਗਰੁੱਪ ਨੇ ਸਾਡੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਪਰ ਹਾਲੇ ਵੀ ਸਾਬਕਾ ਮੁੱਖ ਮੰਤਰੀ ਦਾ ਨਾਂ ਐਫ ਆਈ ਆਰ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਰਦਿਆਲ ਸਿੰਘ ਤੇ ਉਸਦੇ ਸਾਥੀਆਂ ਨੂੰ ਆਪ ਸਰਕਾਰ ਵੱਲੋਂ ਇਸ ਕਰ ਕੇ ਨਿਆਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸ੍ਰੀ ਚੰਨੀ ਦਾ ਮੁੱਖ ਮੰਤਰੀ ਨਾਲ ਸਮਝੌਤਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਮੁੱਖ ਮੰਤਰੀ ਉਹਨਾਂ ਵੱਲੋਂ ਸ੍ਰੀ ਚੰਨੀ ਖਿਲਾਫ 2 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਲਾਏ ਦੋਸ਼ ਭੁੱਲ ਗਏ ਹਨ ਤੇ ਇਸ ਮਾਮਲੇ ਵਿਚ ਕੇਸ ਹਾਲੇ ਤੱਕ ਦਰਜ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸ੍ਰੀ ਚੰਨੀ ਖਿਲਾਫ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਰਾਜਪਾਲ ਕੋਲ ਪਹੁੰਚ ਕਰ ਕੇ ਕੇਸ ਵਿਚ ਕਾਰਵਾਈ ਦੀ ਮੰਗ ਕਰੇਗਾ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਦਾ ਭਾਣਜਾ ਹਨੀ ਕੇਂਦਰੀ ਏਜੰਸੀਆਂ ਵੱਲੋਂ 10 ਕਰੋੜ ਰੁਪਏ ਨਾਲ ਫੜਿਆ ਗਿਆ ਸੀ। ਉਹਨਾਂ ਕਿਹਾ ਕਿ ਹਨੀ ਨੂੰ ਮੁੱਖ ਮੰਤਰੀ ਦੀ ਸੁਰੱਖਿਆ ਦੇ ਦਸਤਿਆਂ ਰਾਹੀਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਉਹ ਸ੍ਰੀ ਚੰਨੀ ਵੱਲੋਂ ਰਿਸ਼ਵਤ ਇਕੱਠੀ ਕਰ ਰਿਹਾ ਸੀ। ਉਹਨਾਂ ਕਿਹਾ ਕਿ ਬਜਾਏ ਸ੍ਰੀ ਚੰਨੀ ਖਿਲਾਫ ਲੱਗੇ ਦੋਸ਼ਾਂ ਦੀ ਤਹਿ ਤੱਕ ਜਾਣ ਦੇ ਮੁੱਖ ਮੰਤਰੀ ਨੇ ਹੁਣ ਫੈਸਲਾ ਲੈ ਲਿਆ ਹੈ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ ਕਿਉਂਕਿ ਸਾਬਕਾ ਮੁੱਖ ਮੰਤਰੀ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਖੁੱਲ੍ਹ ਕੇ ਆਪ ਦੇ ਉਮੀਦਵਾਰ ਦੀ ਮਦਦ ਕੀਤੀ ਹੈ।
Share this content: