ਲੁਧਿਆਣਾ, ਪੰਜਾਬ – ਡੀ.ਆਈ.ਬੀ. ਇਵੈਂਟਸ ਦੁਬਈ (DIB Events ) ਵੱਲੋਂ ਕਰਵਾਏ ਗਏ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਯਾਦਗਾਰੀ ਪੈੜਾਂ ਪਾਉਂਦੇ ਹੋਏ ਸਫਲਤਾਪੂਰਵਕ ਸੰਪੰਨ ਹੋਏ। ਇਸ ਸਮਾਗਮ ਵਿੱਚ ਵਿਸ਼ਵ ਭਰ ਦੀਆਂ ਪ੍ਰਮੁੱਖ ਪੰਜਾਬੀ ਸ਼ਖਸੀਅਤਾਂ, ਅਧਿਆਤਮਿਕ ਰਹਿਬਰਾਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰਕੇ ਪੰਜਾਬੀ ਵਿਰਸੇ ਅਤੇ ਮਾਨਵਤਾ ਦੀ ਸੇਵਾ ਦੇ ਜਜ਼ਬੇ ਨੂੰ ਸਲਾਮ ਕੀਤਾ।
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ ‘ਡਿਵਾਈਨ ਗੈਸਟ’ (ਰੂਹਾਨੀ ਮਹਿਮਾਨ) ਅਤੇ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਵਾਈ ਅਤੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
: ਸਰਕਾਰ-ਏ-ਖਾਲਸਾ ਐਵਾਰਡ: ਵਿਸ਼ਵ ਭਰ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ 13 ਪ੍ਰਮੁੱਖ ਪੰਜਾਬੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਇਸ ਵੱਕਾਰੀ ਐਵਾਰਡ ਨਾਲ ਨਿਵਾਜਿਆ ਗਿਆ।
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਇਸ ਸਨਮਾਨ ਸਮਾਰੋਹ ਵਿੱਚ ਨਿਵਾਜਿਆ ਗਿਆ , ਜਿਨ੍ਹਾਂ ਵਿੱਚ ਸ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਅਤੇ ਚੇਅਰਮੈਨ ਡਿਫੈਂਸ ਕਮੇਟੀ ਯੂ ਕੇ ਨੂੰ ਵਿਸ਼ਵ ਭਰ ਵਿੱਚ ਮਾਣਮੱਤੀਆਂ ਪ੍ਰਾਪਤੀਆ ਕਾਰਨ ਵਿਸ਼ਵ ਪੱਧਰ ਤੇ ਪੰਜਾਬੀਆਂ ਦਾ ਨਾਮ ਉੱਚਾ ਕਰਨ ਅਤੇ ਪੰਜਾਬ ਵਿੱਚ ਪਿਛਲੇ ਸਾਲ ਆਏ ਹੜ੍ਹਾ ਦੌਰਾਨ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਰੇ ਢੇਸੀ ਪਰਿਵਾਰ ਵੱਲੋ ਕੀਤੀਆ ਵੱਡੀਆ ਸੇਵਾਵਾ ਲਈ ਇਸ ਸਾਲ ਦੇ ਸਰਕਾਰ ਏ ਖ਼ਾਲਸਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਤਨਮਨਜੀਤ ਸਿੰਘ ਦੇ ਪਿਤਾ ਸ ਜਸਪਾਲ ਸਿੰਘ ਢੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਇਹ ਸਨਮਾਨ ਪ੍ਰਾਪਤ ਕੀਤਾ । ਸ ਤਨਮਨਜੀਤ ਸਿੰਘ ਢੇਸੀ ਤੋ ਇਲਾਵਾ ਇਹ ਅਵਾਰਡ ਲੈਣ ਵਾਲਿਆ ਵਿੱਚ
ਸ. ਹਰਜਿੰਦਰ ਸਿੰਘ ਧਾਮੀ (ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) , ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ), ਸੰਤ ਬਾਬਾ ਸੁੱਖਾ ਸਿੰਘ ਜੀ (ਸਰਹਾਲੀ ਸਾਹਿਬ ਵਾਲੇ), ਸ ਸੁਖਦੇਵ ਸਿੰਘ ਫਗਵਾੜਾ ਡਾਇਰੈਕਟਰ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ,ਬਾਬਾ ਜਗਜੀਤ ਸਿੰਘ ਜੀ (ਬੜੂ ਸਾਹਿਬ), ਲੈਫਟੀਨੈਂਟ ਜਨਰਲ ਕੇ.ਜੇ.ਐਸ. ਢਿੱਲੋਂ (ਰਿਟਾਇਰਡ), ਮਿਸਿਜ਼ ਬੈਕਟਰ (Mrs. Bector’s Food) ਅਤੇ ਮਿਸਟਰ ਸਚਿਤ ਜੈਨ (ਵਰਧਮਾਨ ਗਰੁੱਪ), ਪਹਿਲਵਾਨ ਜੱਸਾ ਪੱਟੀ , ਸ. ਦਿਲਜੀਤ ਸਿੰਘ ਨਿਊਜੀਲੈਂਡ, ਰਾਣੀ ਪ੍ਰੀਤੀ ਸਿੰਘ ਅਤੇ ਜੀਵਨ ਸਿੰਘ ਤਮਿਲ ,ਯੂਨਾਈਟਿਡ ਸਿੱਖਸ (United Sikhs), ਐਸ.ਏ.ਐਫ. ਇੰਟਰਨੈਸ਼ਨਲ (SAF International), ਅਤੇ ਗਲੋਬਲ ਸਿੱਖ (Global Sikh) ਵਰਗੀਆਂ ਨਾਮੀ ਸੰਸਥਾਵਾਂ ਵੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਪ੍ਰਮੁੱਖ ਸਖਸ਼ੀਅਤਾਂ ਨੇ ਕਿਹਾ ਕਿ ਅਜਿਹੇ ਸਮਾਗਮ ਸਿੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਵਿਸ਼ਵ ਭਰ ਦੇ ਪੰਜਾਬੀਆਂ ਵਿੱਚ ਏਕਤਾ ਵਧਾਉਣ ਅਤੇ ਸੇਵਾ ਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਹੁੰਦੇ ਹਨ।
ਸਮਾਗਮ ਦੀ ਸਮਾਪਤੀ ਪੰਥ ਅਤੇ ਸਮਾਜ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਅਤੇ ਵਿਸ਼ਵਾਸ ਦੇ ਮਜ਼ਬੂਤ ਸੰਦੇਸ਼ ਨਾਲ ਹੋਈ ।
Share this content:


