ਵਿਜੀਲੈਂਸ ਬਿਊਰੋ ਵੱਲੋਂ ਆਰਟੀਓ ਦਫ਼ਤਰਾਂ, ਡਰਾਈਵਿੰਗ ਟੈਸਟ ਕੇਂਦਰਾਂ ’ਤੇ ਅਚਨਚੇਤ ਛਾਪੇਮਾਰੀ, 24 ਵਿਅਕਤੀ ਗ੍ਰਿਫ਼ਤਾਰ

0
120

Jalandhar : ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਭਰ ਵਿੱਚ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਕੇਂਦਰਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ, ਜਿਸ ਦੌਰਾਨ ਰਿਸ਼ਵਤਖੋਰੀ ਅਤੇ ਹੋਰ ਬੇਨਿਯਮੀਆਂ ਵਿੱਚ ਕਥਿਤ ਤੌਰ ’ਤੇ ਸ਼ਾਮਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਰਵਾਈ ਦੌਰਾਨ ਕੁੱਲ 16 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਅਧਿਕਾਰੀਆਂ ਨੇ ਏਜੰਟਾਂ ਤੋਂ 40,900 ਰੁਪਏ ਜ਼ਬਤ ਕੀਤੇ ਹਨ ਜੋ ਡਰਾਈਵਿੰਗ ਲਾਇਸੈਂਸ, ਡਰਾਈਵਿੰਗ ਟੈਸਟ ਅਤੇ ਹੋਰ ਸੇਵਾਵਾਂ ਦੇਣ ਬਦਲੇ ਲੋਕਾਂ ਤੋਂ ਪੈਸੇ ਵਸੂਲਦੇ ਸਨ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਰਾਹੀਂ ਪ੍ਰਾਪਤ ਹੋਈਆਂ ਕਈ ਸ਼ਿਕਾਇਤਾਂ ਤੋਂ ਬਾਅਦ, ਫਲਾਇੰਗ ਸਕੁਐਡ ਅਤੇ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਸਮੇਤ ਵਿਜੀਲੈਂਸ ਬਿਊਰੋ ਰੇਂਜਾਂ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਵਿੱਚ ਆਰਟੀਏ ਅਧਿਕਾਰੀਆਂ ਅਤੇ ਏਜੰਟਾਂ ਲਈ ਚਲਾਇਆ ਗਿਆ, ਜੋ ਏਜੰਟਾਂ ਵਜੋਂ ਕੰਮ ਕਰ ਰਹੇ ਸਨ, ਲਾਇਸੈਂਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਜਾਂ ਡਰਾਈਵਿੰਗ ਟੈਸਟ ਦੇ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਲਈ ਗੈਰ-ਕਾਨੂੰਨੀ ਫੀਸਾਂ ਵਸੂਲ ਰਹੇ ਸਨ।

ਬੁਲਾਰੇ ਨੇ ਕਿਹਾ ਕਿ ਇਹ ਕਾਰਵਾਈਆਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਰਾਜ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹਨ। ਬੁਲਾਰੇ ਨੇ ਕਿਹਾ ,‘‘ਅਸੀਂ ਸਰਕਾਰੀ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ। ਅਜਿਹੇ ਛਾਪੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਲੋਕਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਜਾਰੀ ਰਹਿਣਗੇ,’’।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਮੋਹਾਲੀ ਦਾ ਇੱਕ ਪਾ੍ਰਈਵੇਟ ਏਜੰਟ ਸੁਖਵਿੰਦਰ ਸਿੰਘ ਵੀ ਸ਼ਾਮਲ ਸੀ, ਜਿਸਨੂੰ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੇਣ ਅਤੇ ਟੈਸਟ ਦੀ ਪ੍ਰਵਾਨਗੀ ਨੂੰ ਯਕੀਨੀ ਬਣਾਉਣ ਬਦਲੇ 5,000 ਰੁਪਏ ਦੀ ਰਿਸ਼ਵਤ ਦੇ ਹਿੱਸੇ ਵਜੋਂ 2,500 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ । ਫਤਿਹਗੜ੍ਹ ਸਾਹਿਬ ਵਿੱਚ, ਇੱਕ ਹੋਰ ਏਜੰਟ, ਪਰਮਜੀਤ ਸਿੰਘ, ਨੂੰ ਇਸੇ ਤਰ੍ਹਾਂ ਦੀਆਂ ਗੈਰ-ਕਾਨੂੰਨੀ ਸੇਵਾਵਾਂ ਲਈ 5,000 ਰੁਪਏ ਲੈਂਦੇ ਹੋਏ ਫੜਿਆ ਗਿਆ ।

ਬੁਲਾਰੇ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਚ, ਈ.ਓ.ਡਬਲਯ.ੂ ਯੂਨਿਟ ਨੇ ਤਿੰਨ ਵਿਅਕਤੀਆਂ – ਪੰਕਜ ਅਰੋੜਾ ਉਰਫ਼ ਸੰਨੀ, ਦੀਪਕ ਕੁਮਾਰ ਅਤੇ ਮਨੀਸ਼ ਕੁਮਾਰ – ਨੂੰ 1,500 ਰੁਪਏ ਤੋਂ 3,500 ਰੁਪਏ ਤੱਕ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ। ਲੁਧਿਆਣਾ ਵਿਜੀਲੈਂਸ ਬਿਊਰੋ ਰੇਂਜ ਨੇ ਦੋ ਹੋਰ ਏਜੰਟਾਂ, ਤਾਇਸਿਫ਼ ਅਹਿਮਦ ਅੰਸਾਰੀ ਅਤੇ ਹਨੀ ਅਰੋੜਾ ਨੂੰ ਵੀ ਲਾਇਸੈਂਸ ਪ੍ਰਾਪਤ ਕਰਨ ਲਈ ਕ੍ਰਮਵਾਰ 7,000 ਰੁਪਏ ਅਤੇ 5,500 ਰੁਪਏ ਵਸੂਲਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।

ਜਲੰਧਰ ਵਿੱਚ, ਮੋਹਿਤ ਕੁਮਾਰ ਅਤੇ ਵਿਜੇ ਕੁਮਾਰ ਨੂੰ ਫਾਸਟ-ਟਰੈਕ ਡਰਾਈਵਿੰਗ ਟੈਸਟ ਅਪੁਇੰਟਮੈਂਟਾਂ ਲਈ 2,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ।

ਹੁਸ਼ਿਆਰਪੁਰ ਵਿੱਚ, ਏਜੰਟ ਅਸ਼ੋਕ ਕੁਮਾਰ ਨੂੰ ਅਸਲ ਟਰਾਇਲਾਂ ਤੋਂ ਬਿਨਾਂ ਡਰਾਈਵਿੰਗ ਟੈਸਟ ਪਾਸ ਕਰਨ ਲਈ 5,000 ਰੁਪਏ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਕਪੂਰਥਲਾ ਵਿੱਚ ਹੀ ਇੱਕ ਮਹੱਤਵਪੂਰਨ ਜ਼ਬਤੀ ਹੋਈ, ਜਿੱਥੇ ਇੱਕ ਏਜੰਟ ਸ਼ੇਰ ਅਮਰੀਕ ਸਿੰਘ ਨੂੰ 12,000 ਰੁਪਏ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਆਰ.ਟੀ.ਏ. ਅਧਿਕਾਰੀਆਂ ਨਾਲ ਸ਼ੱਕੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ।

ਐਸਬੀਐਸ ਨਗਰ, ਵਿਜੀਲੈਂਸ ਬਿਊਰੋ ਟੀਮ ਨੇ ਦੋ ਆਰਟੀਏ ਕਰਮਚਾਰੀਆਂ – ਜਤਿੰਦਰ ਸਿੰਘ, ਜੂਨੀਅਰ ਸਹਾਇਕ ਅਤੇ ਮਨੀਸ਼ ਕੁਮਾਰ, ਡੇਟਾ ਐਂਟਰੀ ਆਪਰੇਟਰ – ਦੇ ਨਾਲ-ਨਾਲ ਦੋ ਪ੍ਰਾਈਵੇਟ ਏਜੰਟਾਂ, ਕੇਵਲ ਕ੍ਰਿਸ਼ਨ ਅਤੇ ਕਮਲ ਕੁਮਾਰ ਨੂੰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਲਈ , ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ।

ਸੰਗਰੂਰ ਵਿੱਚ ਵੀ , ਵਿਜੀਲੈਂਸ ਬਿਊਰੋ ਨੇ ਲਵਪ੍ਰੀਤ ਸਿੰਘ, ਜਿਸਨੇ ਸ਼ਿਕਾਇਤਕਰਤਾ ਤੋਂ ਉਸਦੇ ਡਰਾਈਵਿੰਗ ਲਾਇਸੈਂਸ ਬਦਲੇ 7000 ਰੁਪਏ ਰਿਸ਼ਵਤ ਰੁਪਏ ਦੀ ਮੰਗ ਕੀਤੀ ਸੀ ਅਤੇ ਅਵਿਨਾਸ ਗਰਗ ਡੇਟਾ ਐਂਟਰੀ ਆਪਰੇਟਰ ਪੰਜਾਬ ਸਟੇਟ ਟਰਾਂਸਪੋਰਟ ਸੋਸਾਇਟੀ, ਵਿਰੁੱਧ ਕਾਰਵਾਈ ਕੀਤੀ । ਇਸੇ ਤਰ੍ਹਾਂ ਤਰਨ ਤਾਰਨ ਵਿੱਚ, ਵਿਜੀਲੈਂਸ ਬਿਊਰੋ ਨੇ ਦੋਸ਼ੀ ਲਖਬੀਰ ਸਿੰਘ ਢਿਲੋਂ ਪ੍ਰਾਈਵੇਟ ਏਜੰਟ ’ਤੇ ਵੀ ਮੁਕੱਦਮਾ ਦਰਜ ਕੀਤਾ ਹੈ। ਜਿਸਨੇ ਸ਼ਿਕਾਇਤਕਰਤਾ ਤੋਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ 3500 ਰੁਪਏ ਰਿਸ਼ਵਤ ਮੰਗੀ ਸੀ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ, ਵਿਜੀਲੈਂਸ ਬਿਊਰੋ ਕੋਲ ਦੋਸ਼ੀ ਕੁਲਬੀਰ ਸਿੰਘ ਅਤੇ ਇੰਦਰਾਸ (ਦੋਵੇਂ ਏਜੰਟ ਹਨ) ਵਿਰੁੱਧ ਰਿਕਾਰਡਿੰਗ ਦੇ ਸਪੱਸ਼ਟ ਸਬੂਤ ਹਨ ਜਿਨ੍ਹਾਂ ਨੇ ਐਮਵੀਆਈ ਅਧਿਕਾਰੀਆਂ ਲਈ 9000 ਰੁਪਏ ਦੀ ਮੰਗ ਕੀਤੀ ਸੀ।
ਇਸ ਤੋਂ ਇਲਾਵਾ, ਵਿਜੀਲੈਂਸ ਬਿਊਰੋ ਨੇ ਕ੍ਰਿਸ਼ਨ ਲਾਲ, ਇੰਦਰਜੀਤ ਸਿੰਘ ਅਤੇ ਏਜੰਟ ਨਵੀਨ ਕੁਮਾਰ ਨੂੰ ਬਠਿੰਡਾ ਵਿੱਚ ਜਾਅਲੀ ਪਤੇ ਦੀ ਵਰਤੋਂ ਕਰਕੇ ਰਜਿਸਟਰੇਸ਼ਨ ਸਰਟੀਫੀਕੇਟ ਬਣਾਉਣ ਲਈ ਵੀ ਕੇਸ ਦਰਜ ਕੀਤਾ ਹੈ।

ਇਨ੍ਹਾਂ ਕੇਸਾਂ ਦੀ ਜਾਂਚ ਪੇਸ਼ੇਵਰ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨੂੰ ਖਤਮ ਕਰਨ ਲਈ ਆਰ.ਟੀ.ਏ. ਦਫ਼ਤਰ ਦੇ ਅਧਿਕਾਰੀਆਂ/ਮੁਲਾਜ਼ਮਾਂ ਸਮੇਤ ਰਿਸ਼ਵਤ ਲਈ ਵਰਤੇ ਜਾਂਦੇ ਢੰਗ-ਤਰੀਕਿਆਂ ਦੀ ਪੂਰੀ ਤਰ੍ਹਾਂ ਜਾਂਚ ਕਰੇਗਾ।

Share this content:

LEAVE A REPLY

Please enter your comment!
Please enter your name here