ਕੇਂਦਰ ਵਿੱਚ ਇੰਡੀਅਨ ਗੱਠਜੋੜ ਦੀ ਸਰਕਾਰ ਬਣਨ ਤੇ ਐਮ.ਐਸ.ਪੀ ਤੇ ਗਾਰੰਟੀ ਕਾਨੂੰਨ ਬਣੇਗਾ: ਚਰਨਜੀਤ ਸਿੰਘ ਚੰਨੀ

0
24

ਜਲੰਧਰ/ਸ਼ਾਹਕੋਟ-
ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਕਾਨੂੰਨ ਲਾਗੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ।ਇਹ ਗੱਲ ਕਾਂਗਰਸ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਸ਼ਾਹਕੋਟ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੀ।ਇਨ੍ਹਾਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਤੇ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ।ਸ.ਚੰਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੇ ਕਿਸਾਨਾਂ ‘ਤੇ ਤਸ਼ੱਦਦ ਕੀਤਾ ਸੀ ਅਤੇ ਇਸ ਅੰਦੋਲਨ ‘ਚ ਸਾਢੇ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਅਤੇ ਜ਼ਮੀਨੀ ਪੱਧਰ ‘ਤੇ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਚੁੱਕੇ ਹਨ ਅਤੇ ਲੋਕਾਂ ਨੂੰ ਜੁਮਲੇ ਦੇਣ ਦੀ ਬਜਾਏ ਸਮੱਸਿਆਵਾਂ ਦਾ ਹੱਲ ਕਰਕੇ ਦਿਖਾਉਣਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਆਸੀ ਸਰਪ੍ਰਸਤੀ ਹੇਠ ਜਲੰਧਰ ‘ਚ ਨਸ਼ੇ ਵੱਡੇ ਪੱਧਰ ‘ਤੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਜਾਂ ਤਾਂ ਡਰੱਗ ਮਾਫੀਆ ਰਹੇਗਾ ਜਾਂ ਚੰਨੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਜਲੰਧਰ ਆ ਕੇ ਨਸ਼ਿਆਂ ਦਾ ਮੁੱਦਾ ਉਠਾਇਆ ਹੈ, ਉਦੋਂ ਤੋਂ ਹੀ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਲੱਗ ਪਈਆਂ ਹਨ ਅਤੇ ਸਮੱਗਲਰਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ।ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ 17 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲਾਂ ਵਿੱਚ ਕਿਸੇ ਵੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ। ਜਿਸ ਕਾਰਨ ਸੜਕਾਂ ਦਾ ਬੁਰਾ ਹਾਲ ਹੈ ਅਤੇ ਪੰਜਾਬ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਵਿਸ਼ਵਾਸ ਦਿਵਾਇਆ ਕਿ ਦਰਿਆ ਨੂੰ ਚੈਨਲਾਈਜ਼ ਕਰਕੇ ਅਤੇ ਡੀ-ਸਿਲਟਿੰਗ ਕਰਵਾ ਕੇ ਕਿਸਾਨਾਂ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾਵੇਗਾ। ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਲੋਕਾਂ ਦੀ ਆਵਾਜ਼ ’ਤੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਮਸਲੇ ਹੱਲ ਕਰਨ ਲਈ ਸਾਡੇ ਕੋਲ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਬਦਲਾਅ ਦੀ ਸਰਕਾਰ ਚੁਣ ਕੇ ਪਛਤਾ ਰਹੇ ਹਨ ਅਤੇ ਇਸ ਸਰਕਾਰ ਨੇ ਨੌਜਵਾਨਾਂ ਅਤੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੁੰਦਿਆਂ ਬਿਜਲੀ ਅਤੇ ਪਾਣੀ ਦੇ ਬਕਾਇਆ ਬਿੱਲ ਮੁਆਫ ਕਰਕੇ ਗਰੀਬ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ। ਜਦੋਂ ਕਿ ਚਰਨਜੀਤ ਸਿੰਘ ਚੰਨੀ ਨੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇਣ ਦੀ ਸਕੀਮ ਵੀ ਲਿਆਂਦੀ।
ਹਲਕਾ ਸ਼ਾਹਕੋਟ ਦੇ ਦੌਰੇ ਦੌਰਾਨ ਚਰਨਜੀਤ ਸਿੰਘ ਚੰਨੀ ਲੋਹੀਆਂ ਦੇ ਬੱਸ ਸਟੈਂਡ ‘ਤੇ ਰੁਕੇ ਜਿੱਥੇ ਉਨ੍ਹਾਂ ਨੇ ਗੰਨੇ ਦਾ ਰੱਸ ਪੀਤਾ ਅਤੇ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਂਗਣਵਾੜੀ ਵਰਕਰਜ਼ ਯੂਨੀਅਨ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਬੱਸ ਸਟੈਂਡ ‘ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੀ ਸੀ।ਆਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਉਦੋ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਸੀ ਅਤੇ ਉਨ੍ਹਾਂ ਨੂੰ ਸ. ਚੰਨੀ ਤੋ ਉਮੀਦ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਗੇ।ਇਸ ਦੋਰਾਨ ਦੁਪਹਿਰ ਦਾ ਖਾਣਾ ਖਾਣ ਲਈ ਸ.ਚਰਨਜੀਤ ਸਿੰਘ ਚੰਨੀ ਪਿੰਡ ਦੀ ਇੱਕ ਮੋਟਰ ਤੇ ਰੁਕੇ ਤੇ ਇੱਥੇ ਸਾਦਾ ਖਾਣਾ ਖਾਧਾ।

Share this content:

LEAVE A REPLY

Please enter your comment!
Please enter your name here