ਜਲੰਧਰ ‘ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ ‘ਆਪ’ ‘ਚ ਸ਼ਾਮਲ

0
32

ਚੰਡੀਗੜ੍ਹ, 23 ਅਪ੍ਰੈਲ

ਜਲੰਧਰ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਭਾਜਪਾ ਐੱਸ.ਸੀ. ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਭਾਰਤੀ ਜਨਤਾ ਪਾਰਟੀ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ। ਰੌਬਿਨ ਸਾਂਪਲਾ ਜਲੰਧਰ ਦੇ ਇੱਕ ਨਾਮਵਰ ਐਸ.ਸੀ. ਆਗੂ ਹਨ ਅਤੇ ਉਨ੍ਹਾਂ ਦੀ ਨੌਜਵਾਨਾਂ (ਯੂਥ) ਵਿੱਚ ਚੰਗੀ ਪੈਠ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਸਾਬਕਾ ਮੰਤਰੀ ਵਿਜੈ ਸਾਂਪਲਾ ਦੇ ਕਰੀਬੀ ਰਿਸ਼ਤੇਦਾਰ ਰੌਬਿਨ ਸਾਂਪਲਾ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਾਇਆ। ਇਸ ਮੌਕੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ। ਦੋਨਾਂ ਨੇ ਰੌਬਿਨ ਸਾਂਪਲਾ ਦਾ ‘ਆਪ’ ਪਰਿਵਾਰ ‘ਚ ਸਵਾਗਤ ਕੀਤਾ। ਰੌਬਿਨ ਸਾਂਪਲਾ ਦੀ ਹਮਾਇਤ ਜਲੰਧਰ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ‘ਆਪ’ ਨੂੰ ਮਜ਼ਬੂਤ ਕਰੇਗੀ।

ਰੌਬਿਨ ਸਾਂਪਲਾ ਦੇ ਭਾਜਪਾ ਤੋਂ ਬਾਹਰ ਹੋਣ ਨਾਲ ਜਲੰਧਰ ‘ਚ ਪਾਰਟੀ (ਭਾਜਪਾ) ਹੋਰ ਵੀ ਕਮਜ਼ੋਰ ਹੋਵੇਗੀ, ਉਹ ਭਾਜਪਾ ਐੱਸ.ਸੀ ਮੋਰਚਾ ਦੇ ਮੀਤ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਦੇ ਜਾਣ ਦਾ ਮਤਲਬ ਇਹ ਵੀ ਹੈ ਕਿ ਜਲੰਧਰ ‘ਚ ਭਾਜਪਾ ਦੀ ਵੱਡੀ ਵੋਟ ਹਿੱਸੇਦਾਰੀ ਘੱਟ ਜਾਵੇਗੀ। ਜਲੰਧਰ ਦੀ ਹੌਟ ਸੀਟ ‘ਤੇ ‘ਆਪ’ ਲਗਾਤਾਰ ਮਜ਼ਬੂਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਤੋਂ ਪਵਨ ਕੁਮਾਰ ਟੀਨੂੰ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਹੈ।

ਰੌਬਿਨ ਸਾਂਪਲਾ ਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਆਪਣੇ ਵਰਕਰਾਂ ਅਤੇ ਵਲੰਟੀਅਰਾਂ ਨਾਲ ਡੱਟ ਕੇ ਖੜਦੀ ਹੈ। ‘ਆਪ’ ਆਮ ਲੋਕਾਂ, ਗ਼ਰੀਬਾਂ ਅਤੇ ਦਲਿਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਹਰ ਵਰਗਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੋ ਸਿਰਫ਼ ਭ੍ਰਿਸ਼ਟ ਆਗੂਆਂ ਦੀ ਪਾਰਟੀ ਹੈ, ਉਸ ਵਿਚ ਉਨ੍ਹਾਂ ਦੀ ਕੋਈ ਕਦਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਜਿੱਤ ਦਿਵਾਉਣ ਲਈ ਉਹ ਜਲੰਧਰ ਵਿੱਚ ਦਿਨ-ਰਾਤ ਸਖ਼ਤ ਮਿਹਨਤ ਕਰਨਗੇ।

Share this content:

LEAVE A REPLY

Please enter your comment!
Please enter your name here