ਅਜੋਕੇ ਪੰਜਾਬ ਦੀ ਬਾਤ ਪਾਉਦੀ ਹੈ ਪੁਸਤਕ ‘ਮੇਰਾ ਪਿੰਡ ਮੇਰਾ ਸਿਰਨਾਵਾਂ’

0
31

ਜਲੰਧਰ : ਸਾਹਿਤਕ ਅਤੇ ਸੱਭਿਆਚਰਕ ਸੰਸਥਾ ‘ਫੁਲਕਾਰੀ’ ਵੱਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਚੌਥੀ ਕਿਤਾਬ ‘ਮੇਰਾ ਪਿੰਡ ਮੇਰਾ ਸਿਰਨਾਵਾਂ’ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਲੋਕ ਅਰਪਣ ਕੀਤੀ ਗਈ। ਆਮ ਤੌਰ ’ਤੇ ਸ਼ੁਗਲੀ ਸਾਹਿਬ ਲੋਕਾਂ ਨੂੰ ਕਾਨੂੰਨ ਦੀ ਜਾਣਕਾਰੀ ਲੋਕ ਭਾਸ਼ਾ ਰਾਹੀਂ ਦੇਣ ਤੇ ਜਾਗਿ੍ਰਤ ਕਰਨ ਵਾਲੀਆਂ ਕਿਤਾਬਾਂ ਲਿਖਦੇ ਹਨ, ਪਰ ਇਸ ਵਾਰ ਉਨਾ ਨੂੰ ਆਪਣੇ ਪਿੰਡ ਬਾਰੇ ਲਿਖਦਿਆਂ ਅਜਿਹਾ ਜਾਪਿਆ ਕਿ ਪੰਜਾਬੀ ਦੇ ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਆਪਣੀ ਪੁਸਤਕ ‘ਮੇਰਾ ਪਿੰਡ’ ਵਿਚ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੱਡ ਗਏ ਹਨ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਪਿ੍ਰੰ. ਜਸਪਾਲ ਸਿੰਘ ਰੰਧਾਵਾ, ਮੱਖਣ ਮਾਨ, ਸੀਤਲ ਸਿੰਘ ਸੰਘਾ, ਡਿਸਟਿ੍ਰਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਪਿ੍ਰਤਪਾਲ ਸਿੰਘ, ਸਤਨਾਮ ਸਿੰਘ ਚਾਨਾ, ਪਿ੍ਰੰਸੀਪਲ ਜਗਰੂਪ ਸਿੰਘ ਤੋਂ ਇਲਾਵਾ ਰਜਿੰਦਰ ਮੰਡ ਸ਼ਸੋਭਿਤ ਸਨ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੱਖਣ ਮਾਨ ਨੇ ਆਖਿਆ ਕਿ ਇਹ ਕਿਤਾਬ ਸਾਡੇ ਦੋਸਤ ਮਰਹੂਮ ਦੇਸ ਰਾਜ ਕਾਲੀ ਨੂੰੂ ਸਮਰਪਤ ਹੈ। ਉਨਾ ਨੂੰੂ ਇਹ ਕਿਤਾਬ ਦਾ ਫੁਰਨਾ ਉਦੋਂ ਫੁਰਿਆ, ਜਦੋਂ ਇਕ ਦਿਨ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਜਨਮ ਦਿਨ ਉੱਤੇ  ਸ਼ਾਮ ਨੂੰ ਦੀਪਕ ਪਬਲੀਸ਼ਰਜ਼ ਦੇ ਮਾਲਕ ਜੀਵਤ ਜੀ ਨੇ ਮੁਬਾਰਕਬਾਦ ਦਿੰਦਿਆ ਕਿ ਆਖਿਆ ਕਿ ਤੁਹਾਡੀ ਅਗਲੀ ਕਿਤਾਬ ਜੀਵਤ ਜੀ ਛਾਪਣਗੇ। ਸ਼ੁਗਲੀ ਜੀ ਆਖਣ ਲੱਗੇ, ਮੈਂ ਅਗਲੀ ਕਿਤਾਬ ਬਾਰੇ ਤਾਂ ਅਜੇ ਸੋਚਿਆ ਨਹੀਂ। ਕਾਲੀ ਆਖਣ ਲੱਗੇ ਕਿ ਅਗਲੀ ਕਿਤਾਬ ਤੁਸੀਂ ਆਪਣੇ ਪਿੰਡ ਬਾਰੇ ਲਿਖੋ।
ਸਤਨਾਮ ਚਾਨਾ ਨੇ ਆਪਣਾ ਕੂੰਜੀਵਤ ਭਾਸ਼ਣ ਦਿੰਦਿਆਂ ਆਖਿਆ ਕਿ ਇਹ ਕਿਤਾਬ ਕਈ ਪੱਖਾਂ ਤੋਂ ਵਿਲੱਖਣ ਕਹੀ ਜਾ ਸਕਦੀ ਹੈ। ਕਿਸ਼ਨਗੜ ਨੇੜਲੇ ਪਿੰਡ ਮੰਡ ਮੌੜ ਦੇ ਵਸਨੀਕ ਐਡਵੋਕੇਟ  ਸ਼ੁਗਲੀ ਦੀ ਇਹ ਪੁਸਤਕ ਨਾ ਸਿਰਫ ਪੰਜਾਬ ਦੇ ਪੇਂਡੂ ਵਿਰਸੇ, ਪਿੰਡਾਂ ਦੇ ਵਿਕਾਸ, ਪ੍ਰਵਾਸ ਦੇ  ਸਿਖਰਲੇ ਦੌਰ ਵਿਚ ਪਹੰੁਚੇ ਪੰਜਾਬ ਦੇ ਬਦਲੇ ਸਰੂਪ ਦੀ ਕਹਾਣੀ ਬਿਆਨ ਕਰਦੀ ਹੈ, ਸਗੋਂ ਪਿੰਡ ਦੀ ਨਵੀਂ ਪੀੜੀ ਨੂੰ ਪਿੰਡ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਵਾਲੀ ਇਤਿਹਾਸ ਦੀ ਪੁਸਤਕ ਦੀ ਸ਼ੇ੍ਰਣੀ ਵਿਚ ਵੀ ਆਪਣੇ ਆਪ ਨੂੰ ਦਰਜ ਕਰਵਾਉਦੀ ਹੈ। ਲੇਖਕ ਨੇ ਇਤਿਹਾਸ ਨੂੰ ਨਾਲ ਤੋਰਦਿਆਂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਖਿੱਚਦਿਆਂ ਇਸ ਕਿਤਾਬ ਨੂੰ ਇਕ ਨਮੂਨਾ ਮਾਡਲ ਵਜੋਂ ਉਭਾਰਿਆ ਹੈ। ਇਹ ਪੁਸਤਕ ਪੰਜਾਬ ਦੇ ਸਾਰੇ ਪਿੰਡਾਂ ਨੂੰ   ਆਪਣੇ ਕਲਾਵੇ ਵਿਚ ਲੈਂਦੀ ਸੁਨੇਹਾ ਦੇ ਜਾਂਦੀ ਹੈ ਕਿ ਪਿੰਡਾਂ ਦੀਆਂ ਹੋਣਹਾਰ ਧੀਆਂ ਕਿਵੇਂ ਪੜ-ਲਿਖ ਕੇ ਨਵੇਂ ਸਮਾਜ ਦੀ ਸਿਰਜਣਾ ਕਰਦੀਆਂ ਹਨ।
ਪਿ੍ਰੰਸੀਪਲ ਜਗਰੂਪ ਸਿੰਘ ਨੇ ਇਸ ਪੁਸਤਕ ਵਿਚ ਪਿੰਡਾਂ ਦੇ ਸਕੂਲਾਂ ਵਿਚ ਪੜ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਬਾਰੇ ਬੋਲਦਿਆਂ ਆਖਿਆ ਕਿ ਪੰਜਾਬ ਦੇ ਨੌਜਵਾਨ ਪ੍ਰਵਾਸ ਕਰਕੇ ਵਿਦੇਸ਼ਾਂ ਵਿਚ ਚਲੇ ਗਏ ਹਨ, ਉਨਾਂ ਦੀ ਥਾਂ ਲੈਣ ਲਈ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਪੜ ਰਹੇ ਹਨ। ਭਵਿੱਖ ਪੰਜਾਬ ਨੂੰ  ਚੈਲਿੰਜ ਕਰ ਰਿਹਾ ਹੈ ਕਿ ਉਸ ਦੀ ਆਉਣ ਵਾਲੀ ਤਸਵੀਰ ਕਿਹੋ ਜਿਹੀ ਹੋਵੇਗੀ।
ਪਿ੍ਰੰ੍ਰਸੀਪਲ ਜਸਪਾਲ ਸਿੰਘ ਰੰਧਾਵਾ ਨੇ ਸ੍ਰੀ ਸ਼ੁਗਲੀ ਦੀ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਪੰਜਾਬ ਕਿਸੇ ਸਮੇਂ ਆਪਣੇ ਆਪ ’ਤੇ ਨਿਰਭਰ ਸੀ। ਪਿੰਡ ਦਾ ਹਰ ਬਸ਼ਿੰਦਾ ਕੋਈ ਨਾ ਕੋਈ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਦਾ ਮਸਲਾ ਹੱਲ ਕਰਦਾ ਸੀ। ਜਿਉਂ-ਜਿਉਂ ਕਾਰਪੋਰੇਟ ਘਰਾਣਿਆਂ ਨੇ ਇਸ ਧਰਤੀ ’ਤੇ ਪੈਰ ਪਸਾਰਿਆ, ਉਹ ਪਿੰਡਾਂ ਨੂੰ ਨਿਗਲ ਗਏ। ਅੱਜ ਪੰਜਾਬ ਨੂੰ ਪਬਲਿਕ ਸੈਕਟਰ ਹੀ ਬਚਾ ਸਕਦਾ ਹੈ।
ਐਡਵੋਕੇਟ ਰਜਿੰਦਰ ਮੰਡ ਨੇ ਆਪਣੇ ਪਿਤਾ ਦੀ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਅਸੀਂ ਕਮਿਊਨਿਸਟ ਲੋਕ ਅਖੰਡ ਪਾਠ/ਸਹਿਜ ਪਾਠ ਤੇ ਨਹੀਂ ਕਰਵਾ ਸਕਦੇ, ਪਰ ਆਪਣੇ ਬਾਪੂ ਦੇ ਇਸ ਉਦਮ ਸਦਕਾ ਹਰ ਸਾਲ ਅਸੀਂ ਬਾਪੂ ਜੀ ਦੀ ਨਵੀਂ ਪੁਸਤਕ ’ਤੇ ਇਹੋ ਜਿਹਾ ਹੀ ਉਪਰਾਲਾ ਕਰਨ ਦਾ ਯਤਨ ਕਰਦੇ ਹਾਂ। ਸਮਾਗਮ ’ਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਿੰਤਨ ਕੀਤਾ।
ਸਮਾਗਮ ’ਚ ਡਾ. ਹਰਜਿੰਦਰ ਸਿੰਘ ਅਟਵਾਲ, ਨੀਰਜ ਕੌਸ਼ਿਕ, ਐਡਵੋਕੇਟ ਪਰਮਿੰਦਰ ਸਿੰਘ ਟਿੱਮ, ਰਾਕੇਸ਼ ਸ਼ਾਂਤੀ ਦੂਤ, ਗੁਰਜੀਤ ਸਿੰਘ ਕਾਹਲੋਂ, ਪ੍ਰੈੱਸ ਕਲੱਬ ਦੇ ਉਪ ਪ੍ਰਧਾਨ ਮੇਹਰ ਮਲਿਕ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਨੂੰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ‘ਲਿਟਰੇਰੀ ਫੋਰਮ’ ਦੀ ਟੀਮ ਪ੍ਰਵੀਨ ਚੋਪੜਾ, ‘ਆਪਣੀ ਮਿੱਟੀ’ ਦੇ ਸੰਪਾਦਕ ਅਜੈ ਯਾਦਵ, ਵਿਨੇ ਮਹਾਜਨ, ਧਰੁਵ ਮੋਦਗਿਲ, ਐਡਵੋਕੇਟ ਨਵਜੋਤ ਸਿੰਘ ਸ਼ਾਮਲ ਸਨ। ਧੰਨਵਾਦ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕੀਤਾ।  ਸਟੇਜ  ਸਕੱਤਰ ਦੀ ਸੇਵਾ ਬੀਰ ਰਹੀਮਪੁਰੀ ਨੇ ਨਿਭਾਈ।

Share this content:

LEAVE A REPLY

Please enter your comment!
Please enter your name here