ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਬਚਾਅ ਤੇ ਅੱਗ ਬੁਝਾਊ ਮੁਹਿੰਮ ਚਲਾਈ ਗਈ
ਡਰਿੱਲ ਦਾ ਉਦੇਸ਼ ਐਮਰਜੈਂਸੀ ਸਥਿਤੀਆਂ ਦੌਰਾਨ ਵਿਭਾਗਾਂ ਵਿਚਕਾਰ ਸੁਚਾਰੂ ਤਾਲਮੇਲ ਯਕੀਨੀ ਬਣਾਉਣਾ : ਐਸ.ਡੀ.ਐਮ.
ਜਲੰਧਰ, 27 ਨਵੰਬਰ : ਸੂਬਾ ਪੱਧਰੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਅਭਿਆਸ ਦੇ ਹਿੱਸੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇੱਕ ਵਿਆਪਕ ਮੌਕ ਡਰਿੱਲ ਕਰਵਾਈ ਗਈ। ਸਬ-ਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਉਪਿੰਦਰਜੀਤ ਕੌਰ ਬਰਾੜ ਦੀ ਨਿਗਰਾਨੀ ਹੇਠ ਕੀਤੇ ਗਏ ਇਸ ਅਭਿਆਸ ਦੇ ਜ਼ਰੀਏ ਐਮਰਜੈਂਸੀ ਦੌਰਾਨ ਤਿਆਰੀਆਂ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.), ਸਿਵਲ ਡਿਫੈਂਸ, ਪੰਜਾਬ ਪੁਲਿਸ, ਸਿਹਤ ਸੇਵਾਵਾਂ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵਿਚਕਾਰ ਆਪਸੀ ਤਾਲਮੇਲ ਦੀ ਪਰਖ ਕੀਤੀ ਗਈ।
ਇਹ ਡਰਿੱਲ ਰਾਤ ਠੀਕ 8 ਵਜੇ ਦੋ ਮਿੰਟ ਦੇ ਏਅਰ ਰੇਡ ਸਾਇਰਨ ਨਾਲ ਸ਼ੁਰੂ ਹੋਈ। ਇਸ ਤੋਂ ਤੁਰੰਤ ਬਾਅਦ ਪੂਰੇ ਕੰਪਲੈਕਸ ਵਿੱਚ 10 ਮਿੰਟਾਂ ਲਈ ਪੂਰਨ ਬਲੈਕਆਊਟ ਕੀਤਾ ਗਿਆ ਅਤੇ ਨਾਲ ਹੀ ਅੱਗ ਲੱਗਣ ਤੇ ਜਾਨੀ ਨੁਕਸਾਨ ਹੋਣ ਵਰਗੀ ਸਥਿਤੀ ਦਾ ਨਕਲੀ ਦ੍ਰਿਸ਼ ਸਿਰਜਿਆ ਗਿਆ। ਅਲਰਟ ਮਿਲਦੇ ਹੀ ਤੁਰੰਤ ਸਾਰੀਆਂ ਸਬੰਧਤ ਟੀਮਾਂ ਹਰਕਤ ਵਿੱਚ ਆ ਗਈਆਂ ਅਤੇ ਉਨ੍ਹਾਂ ਨੇ ਮਿਲ ਕੇ ਬਚਾਅ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦਿੱਤਾ। ਅੱਗ ਬੁਝਾਊ ਅਮਲੇ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾਇਆ, ਜਦਕਿ ਸਿਵਲ ਡਿਫੈਂਸ, ਫਾਇਰ ਸਰਵਿਸਿਜ਼ ਅਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤੇ। ਇਮਾਰਤ ਵਿੱਚ ਫਸੇ ਲੋਕਾਂ ਨੂੰ ਆਧੁਨਿਕ ‘ਸਟੈਪ-ਡਾਊਨ ਲੈਡਰ’ ਤਕਨੀਕ ਦੀ ਵਰਤੋਂ ਕਰਕੇ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ ਗਿਆ। ਮੌਕੇ ‘ਤੇ ਹੀ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਉੱਥੇ ਮੌਜੂਦ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ।
ਮੌਕ ਡਰਿੱਲ ਤੋਂ ਬਾਅਦ ਗੱਲਬਾਤ ਕਰਦਿਆਂ ਐਸ.ਡੀ.ਐਮ. ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਇਹ ਅਭਿਆਸ ਗ੍ਰਹਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ ਹੈ, ਤਾਂ ਜੋ ਅਸਲ ਸੰਕਟਕਾਲੀਨ ਸਥਿਤੀਆਂ ਦੌਰਾਨ ਵੱਖ-ਵੱਖ ਐਮਰਜੈਂਸੀ ਸੇਵਾਵਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਇਆ ਜਾ ਸਕੇ। ਡਰਿੱਲ ਵਿੱਚ ਸ਼ਾਮਿਲ ਕਰਮਚਾਰੀਆਂ ਦੀ ਫੌਰੀ ਕਾਰਵਾਈ, ਸਮਰਪਣ ਭਾਵਨਾ ਅਤੇ ਪੇਸ਼ੇਵਰ ਸੂਝ-ਬੂਝ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਅਭਿਆਸ ਅਚਾਨਕ ਆਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਜਾਨਾਂ ਬਚਾਉਣ ਲਈ ਬਹੁਤ ਮਹੱਤਵਪੂਰਣ ਹਨ।
Share this content:


