ਜਲੰਧਰ, 20 ਨਵੰਬਰ (। ): 22 ਨਵੰਬਰ ਤੱਕ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿਖੇ ਸੁਰੂ ਹੋਣ ਵਾਲੇ 43ਵੇਂ ਇੰਡੀਅਨਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਇਸ ਸਬੰਧੀ ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਜੀਤ ਵਾਲੀਆ, ਆਈ.ਏ.ਐੱਸ. ਨੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਟੂਰਨਾਮੈਂਟ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ 22 ਤੋਂ 28 ਨਵੰਬਰ ਤੱਕ ਵਾਲੇ ਦੇਸ਼ ਦੇ ਇਸ ਨਾਮੀ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਜੀਤ ਵਾਲੀਆ, ਆਈ.ਏ.ਐੱਸ. ਨੇ ਅੱਗੇ ਦੱਸਿਆ ਕਿ ਪਿਛਲੇ 37 ਸਾਲਾਂ ਵਾਂਗ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਪ੍ਰਮੁੱਖ ਮਹਾਰਤਨ ਤੇਲ ਕੰਪਨੀ ਇੰਡੀਅਨਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦੀ ਮੁੱਖ ਸਿਰਲੇਖ (ਟਾਈਟਲ) ਸਪਾਂਸਰ ਹੋਵੇਗੀ, ਜਦੋਂ ਕਿ ਯੂ.ਐਸ.ਏ. ਦਾ ਗੱਖਲ ਗਰੁੱਪ, ਜਲੰਧਰ ਦਾ ਏ.ਜੀ.ਆਈ. ਇਨਫਰਾ, ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਇਨੋਸੈਂਟ ਹਾਰਟ ਗਰੁੱਪ, ਜਲੰਧਰ ਆਦਿ ਐਲਫਾ ਹਾਕੀ ਸਹਿ-ਸਪਾਂਸਰ ਹੋਣਗੇ। ਟੂਰਨਾਮੈਂਟ ਦਾ 42ਵਾਂ ਐਡੀਸ਼ਨ ਲੀਗ-ਕਮ-ਨਾਕਆਊਟ ਆਧਾਰ ‘ਤੇ ਖੇਡਿਆ ਜਾਵੇਗਾ। ਸਾਰੀਆਂ 12 ਟੀਮਾਂ ਕ੍ਰਮਵਾਰ ਪਿਛਲੇ ਸਾਲ ਦੀ ਚੈਂਪੀਅਨ ਇੰਡੀਅਨਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ, ਆਰ.ਸੀ.ਐਫ. ਕਪੂਰਥਲਾ , ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਇੰਡੀਅਨ ਏਅਰ ਫੋਰਸ ਦਿੱਲੀ ਨੂੰ ਪੂਲ-‘ਬੀ’ ਵਿੱਚ, ਪਿਛਲੇ ਸਾਲ ਦੀ ਉਪ-ਜੇਤੂ ਭਾਰਤ ਪੈਟਰੋਲੀਅਮ ਮੁੰਬਈ, ਬੀ.ਐਸ.ਐਫ. ਜਲੰਧਰ, ਸੀ.ਏ.ਜੀ. ਦਿੱਲੀ , ਇੰਡੀਅਨ ਰੇਲਵੇ ਦਿੱਲੀ, ਆਰਮੀ-ਇਲੈਵਨ ਦਿੱਲੀ ਅਤੇ ਸੀ.ਆਰ.ਪੀ.ਐਫ. ਦਿੱਲੀ ਸ਼ਾਮਿਲ ਹਨ।
ਉਹਨਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫਲੱਡ ਲਾਈਟਾਂ ਦੀ ਰੌਸ਼ਨੀ ਹੇਠ ਕਰਵਾਏ ਜਾਣ ਵਾਲੇ ਡੇ-ਨਾਈਟ ਹਾਕੀ ਮੁਕਾਬਲਿਆਂ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਨ੍ਹਾਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਅਤੇ ਅਧਿਕਾਰੀਆਂ ਦੀ ਰਿਹਾਇਸ਼, ਆਵਾਜਾਈ, ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਕਿਸੇ ਵੀ ਸੰਭਾਵੀ ਬਿਜਲੀ ਵਿਘਨ ਦੀ ਸਥਿਤੀ ਵਿੱਚ ਬਦਲਵੇਂ ਬਿਜਲੀ ਪ੍ਰਬੰਧ, ਮੀਡੀਆ ਸੈਂਟਰ ਦੀ ਸਥਾਪਨਾ, ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸਟੇਡੀਅਮ ਅਤੇ ਇਸ ਦੇ ਆਲੇ-ਦੁਆਲੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮੈਚਾਂ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵੀ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਟੂਰਨਾਮੈਂਟ ਦੌਰਾਨ ਚਲਾਈ ਜਾ ਰਹੀ “ਸੁਰਜੀਤ ਹਾਕੀ ਦੇਖੋ—ਆਲਟੋ ਕਾਰ ਜਿੱਤੋ” ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਵਧਾਉਣ ਅਤੇ ਵੱਧ ਤੋਂ ਵੱਧ ਦਰਸ਼ਕਾਂ ਨੂੰ ਸਟੇਡੀਅਮ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜਲੰਧਰ ਦੀ ਪ੍ਰਸਿੱਧ ਕੰਪਨੀ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਇੱਕ ਮਾਰੂਤੀ ਆਲਟੋ ਏ.ਸੀ. ਕਾਰ ਸਪਾਂਸਰ ਕੀਤੀ ਜਾ ਰਹੀ ਹੈ। ਇਸ ਕਾਰ ਦਾ ਲੱਕੀ ਡਰਾਅ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ, 28 ਨਵੰਬਰ ਨੂੰ ਦਰਸ਼ਕਾਂ ਵਿੱਚੋਂ ਕੱਢਿਆ ਜਾਵੇਗਾ ਅਤੇ ਖੁਸ਼ਕਿਸਮਤ ਜੇਤੂ ਨੂੰ ਕਾਰ ਇਨਾਮ ਵਜੋਂ ਦਿੱਤੀ ਜਾਵੇਗੀ।
ਉਨ੍ਹਾਂ ਹਾਕੀ ਪ੍ਰੇਮੀਆਂ ਅਤੇ ਖੇਡ ਪ੍ਰੇਮੀਆਂ ਨੂੰ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਵੱਧ ਤੋਂ ਵੱਧ ਆਨੰਦ ਮਾਣਨ ਲਈ ਸਟੇਡੀਅਮ ਪਹੁੰਚਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ ਅਤੇ ਕਿਸੇ ਵੀ ਮੈਚ ਨੂੰ ਦੇਖਣ ਲਈ ਕੋਈ ਦਾਖ਼ਲਾ ਟਿਕਟ ਨਹੀਂ ਰੱਖੀ ਗਈ।
ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰ ਸ੍ਰੀ ਲਖਵਿੰਦਰ ਪਾਲ ਸਿੰਘ ਖਹਿਰਾ, ਐੱਲ.ਆਰ. ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਰਾਮ ਪ੍ਰਤਾਪ, ਨਰਿੰਦਰ ਪਾਲ ਸਿੰਘ ਜੱਜ ਅਤੇ ਸਮਰਦੀਪ ਬੱਠਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ।
Share this content:


