ਗੜ੍ਹਸ਼ੰਕਰ, ਨਵਾਂਸ਼ਹਿਰ, 2 ਜਨਵਰੀ ()-ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਹਾਨ ਕ੍ਰਾਂਤੀਕਾਰੀ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਦਿਨ ਨੂੰ ਸਮਰਪਿਤ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਲੀਕੇ ਪ੍ਰੋਗਰਾਮ ਅਨੁਸਾਰ ਦੇਸ਼ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਦੇ ਉਮੜੇ ਸੈਲਾਮ ਨੇ ਪਿਛਲੇ 42 ਸਾਲ ਤੋਂ ਹੁੰਦੇ ਸਮਾਗਮਾਂ ਦਾ ਰਿਕਾਰਡ ਤੋੜਕੇ ਰੱਖਤਾ, ਸੰਗਤਾਂ ਦੇ ਬੈਠਣ ਲਈ ਤਾਂ ਕੀ ਖੜ੍ਹਨ ਵਾਸਤੇ ਵੀ ਜਗ੍ਹਾ ਦੀ ਘਾਟ ਮਹਿਸੂਸ ਕੀਤੀ ਗਈ। ਪ੍ਰਬੰਧਕਾਂ ਨੇ ਆਖਿਆ ਕਿ ਅਗਲੇ ਸਮਾਗਮਾ ਦੀ ਰੂਪ ਰੇਖਾ ਹੁਣ ਤੋਂ ਹੀ ਆਰੰਭ ਕਰ ਦਿੱਤੀ ਜਾਵੇਗੀ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅੱਜ ਕੱਲ੍ਹ ਸੁਰਖ਼ੀਆਂ ‘ਚ ਚੱਲ ਰਹੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜ੍ਹੀ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਵਿਆਹੁਤਾ ਜੀਵਨ ਤੋਂ ਬਾਅਦ ਸਮਾਜ ਦੇ ਭਲੇ ਲਈ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਦੀ ਸੁਣਾਈ ਗਾਥਾ ਨੇ ਕਈ ਸਰੋਤਿਆਂ ਦੀਆਂ ਅੱਖਾਂ ‘ਚ ਤਾਂ ਅੱਥਰੂ ਵਹਿਣ ਵੀ ਲਗਾ ਦਿੱਤੇ | ਸਿਰਫ 22 ਮਿੰਟ ਦਿੱਤਾ ਭਾਸ਼ਣ ਸੁਣ ਸੰਗਤਾਂ ‘ਚ ਇਕ ਨਵੀਂ ਰੂਹ ਫੂਕੀ ਗਈ | ਉਨ੍ਹਾਂ ਆਖਿਆ ਕਿ ਬਾਬੂ ਮੰਗ ਰਾਮ ਮੁੱਗੋਵਾਲੀਆ ਉਸ ਸਮੇਂ ਪੰਜਾਬ ਦੇ ਦੂਸਰੇ ਅੰਬੇਡਕਰ ਸਨ ਜਿਨ੍ਹਾਂ ਡਾ:ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਦੇ ਨਾਲ ਨਾਲ ਸੰਘਰਸ਼ ਕੀਤਾ ਅਤੇ ਸਹਿਯੋਗ ਕੀਤਾ । ਇਤਿਹਾਸ ਦੀ ਪਹਿਲੀ ਦਲਿਤ ਲਾਮਬੰਦੀ ਬਾਬੂ ਮੰਗੂ ਰਾਮਜੀ ਨੇ ਕੀਤੀ, ਦੂਜੀ ਲਾਮਬੰਦੀ ਸਾਹਿਬ ਕਾਸ਼ੀ ਰਾਮ ਜੀ ਨੇ ਕੀਤੀ। ਅੱਜ ਮੁੜ ਪੰਜਾਬ ਵਿੱਚ ਲਾਮਬੰਦੀ ਦੀ ਜ਼ਰੂਰਤ ਹੈ ।
ਗੜ੍ਹਸ਼ੰਕਰ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ‘ਚ ਡਿਪਟੀ ਸਪੀਕਰ ਸ੍ਰੀ ਜੈਕ੍ਰਿਸ਼ਨ ਸਿੰਘ ਰੌੜੀ ਵਲੋਂ ਕੌਮ ਦੇ ਮਹਾਨ ਰਹਿਬਰ ਸਤਿਗੁਰ ਰਵਿਦਾਸ ਮਹਾਰਾਜ ਜੀ, ਸਤਿਗੁਰ ਕਬੀਰ ਮਹਾਰਾਜ ਅਤੇ ਕ੍ਰਾਂਤੀਕਾਰੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਵੱਖ-ਵੱਖ ਵਰਗਾ ਲਈ ਕੀਤੇ ਗਏ ਪਰਉਪਕਾਰ ਅਤੇ ਰਹਿਬਰਾਂ ਵਲੋਂ ਬੇਗਮਪੁਰਾ ਵਸਾਉਂਣ ਦੇ ਲਏ ਸੁਪਨੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਿਸ਼ੇਸ਼ ਪੈਗਾਮ ਦਿੱਤਾ | ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਅਤੇ ਕੌਮ ਦੇ ਮਹਾਨ ਰਹਿਬਰਾਂ ਦੇ ਦਰਸਾਏ ਮਾਰਗ ਨੂੰ ਅਪਣਾਉਂਣ ਲਈ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਆਖਿਆ ਕਿ ਆਪਣਾ ਰਾਜਭਾਗ ਕਾਇਮ ਕਰਨ ਵਾਸਤੇ ਸੰਗਤ ਨੂੰ ਵਿਸ਼ੇਸ਼ ਯੋਜਨਾਵਾਂ ਉਲੀਕਣ ਦੀ ਜ਼ਰੂਰਤ ਹੈ, ਪਿਛਲੱਗੂ ਬਣੇ ਰਹਿਣ ਤੋਂ ਨਿੱਕਲਦੇ ਸਿੱਟਿਆਂ ਬਾਰੇ ਬੱਚਾ-ਬੱਚਾ ਜਾਣੂੰ ਹੈ ਕਿ ਕਿਵੇਂ ਸਮਾਜ ਨੂੰ ਅੱਜ ਤੱਕ ਉਸ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਅ ਰੱਖਿਆ ਗਿਆ | ਉਨ੍ਹਾਂ ਆਖਿਆ ਕਿ ਸੱਤਾ ਪ੍ਰਾਪਤੀ ਲਈ ਸਾਨੂੰ ਆਪਣੇ ਮਹਾਨ ਰਹਿਬਰਾਂ ਦੇ ਦਰਸਾਏ ਮਾਰਗ ਨੂੰ ਅਪਣਾਉਂਣ ਦੀ ਲੋੜ ਹੈ | ਇਸ ਸਮਾਗਮ ‘ਚ ਪਹੁੰਚੇ ਮਿਸ਼ਨਰੀ ਗਾਇਕ ਰਮੇਸ਼ ਚੌਹਾਨ, ਰੇਖਾ ਚੌਹਾਨ, ਬੂਟਾ ਕੋਹਿਨੂਰ, ਸੁਚੇਤਾ ਨੂਰ, ਦਿਸ਼ਾਂਤ ਧੀਰ, ਦਵਿੰਦਰ ਦੁੱਗਲ, ਦਵਿੰਦਰ ਬਿੰਦਾ, ਅਮਰੀਕ ਜੱਸਲ, ਬਲਵਿੰਦਰ ਬਿੱਟੂ ਵਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ‘ਚ ਨਵਾਂ ਜੋਸ਼ ਭਰਿਆ ਅਤੇ ਬਾਅਦ ਵਿਚ ਬੱਬੂ ਘਡਿਆਣੀ ਖੰਨਾ ਵਲੋਂ ਸਮਾਜ ਦੇ ਦਰਦ ਨੂੰ ਦਰਸਾਉਂਦੇ ਨਾਟਕ ਪੇਸ਼ ਕੀਤੇ ਗਏ | ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਆਗੂ ਸਰਵ ਸ੍ਰੀ ਨਾਜਰ ਰਾਮ ਮਾਨ, ਸੰਤ ਸੁਰਿੰਦਰ ਦਾਸ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਪੀ ਐਲ ਸੂਦ, ਦਿਆਲ ਚੰਦ ਬੰਗਾ, ਜਗਦੀਸ਼ ਕੁਮਾਰ ਸਨੀਅਰ ਆਗੂ ਸਵਾਗਤੀ ਕਮੇਟੀ ਸ੍ਰੀ ਚਰਨਛੋਹ ਗੰਗਾ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ ਵਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਸੰਤ ਜੀਵਨਮ ਦਾਸ ਲਲਿਤਪੁਰ ਯੂਪੀ, ਸੰਤ ਮਾਂਗਨ ਦਾਸ ਅਮਰਕੰਟਕ ਮੱਧਪ੍ਰਦੇਸ਼, ਸੀਤਾ ਰਾਮ ਛੱਤੀਸ਼ਗੜ੍ਹ ਪੱਡਰੀਆ, ਰਮੇਸ਼ ਚੰਦ ਸਹੋਤਾ ਕਾਨੂੰਗੋ ਸੋਲਨ ਹਿਮਾਚਲ ਪ੍ਰਦੇਸ਼, ਰਾਮ ਪਾਲ ਸੋਲਨ ਹਿਮਾਚਲ, ਹਰਿਆਣਾ ਤੋਂ ਟਿੰਕੂ ਓਡਣ ਜਿਲ੍ਹਾ ਕੈਥਲ, ਸੁਭਾਸ਼ ਭੋਲਾ ਕਰਨਾਲ, ਉੱਤਰਾਖੰਡ ਤੋਂ ਸੰਤ ਰਿਸ਼ੀ ਦਾਸ ਹਰਿਦੁਆਰ ਵਲੋਂ ਇਸ ਸਮਾਗਮ ‘ਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਕਮੇਟੀ ਵਲੋਂ ਸਮੂਹ ਆਗੂਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ |
ਸਮੇਤ ਤਸਵੀਰਾਂ
Share this content:


