ਸਰਕਾਰੀ ਹਾਈ ਸਕੂਲ ਪੂਰਨਪੁਰ (ਜਲੰਧਰ)
ਪੰਜ ਆਬ੍ਹਾਂ ਦੀ ਧਰਤੀ ਵਜੋਂ ਪਹਿਚਾਣ ਰੱਖਦੇ “ਰੰਗਲੇ ਪੰਜਾਬ” ਦੇ ਖੇਤਰ ਦੋਆਬੇ ‘ਚ ਵਹਿੰਦੇ ਸਤਿਲੁੱਜ ਆਬ੍ਹ ਨਜ਼ਦੀਕ ਜਲੰਧਰ ਸ਼ਹਿਰ ਦੀ ਤਹਿਸੀਲ ਫਿਲੌਰ ਲਾਗਲੇ ਪਿੰਡ ਲਾਦੀਆਂ ‘ਚ ਸ੍ਰੀ ਧਨੂੰ ਰਾਮ ਦੇ ਵਿਹੜੇ ਸ੍ਰੀਮਤੀ ਅਮਰਜੀਤ ਕੌਰ ਦੀ ਕੁੱਖੋਂ ਹੈਡਮਾਸਟਰ ਹਰਬਿੰਦਰ ਪਾਲ ਹੁਰਾਂ ਦਾ ਜਨਮ 27 ਅਪ੍ਰੈਲ, 1966 ਨੂੰ ਹੋਇਆ।
ਵਿੱਦਿਅਕ ਖੇਤਰ ‘ਚ ਵੱਖਰੀ ਪਹਿਚਾਣ ਬਣਾ ਧਰੂ ਤਾਰਾ ਬਣ ਉਭਰਣ ਵਾਲੇ ਹੈਡਮਾਸਟਰ ਹਰਬਿੰਦਰ ਪਾਲ ਮਾਪਿਆਂ ਦੇ ਲਾਡਲੇ ਦੋ ਭਰਾਵਾਂ ਤੇ ਚਾਰ ਭੈਣਾਂ ਦੇ ਚਹੇਤੇ ਵਲੋਂ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਲਾਦੀਆਂ ਤੋਂ ਹਾਸਲ ਕੀਤੀ। ਅਗਲੇਰੀ ਸਿੱਖਿਆ ਹੱਲਕੇ ਦੇ ਨਾਮਵਰ ਪਿੰਡ ਦੁਸਾਂਝ ਕਲਾਂ ਦੇ ਗੁਰੂ ਹਰਿ ਰਾਇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ।
ਜਲੰਧਰ ਸ਼ਹਿਰ ਦੇ ਨਾਮਵਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਬੀ.ਏ. ਦੀ ਡਿਗਰੀ ਕਰਨ ਮਗਰੋਂ ਪ੍ਰੋਫੈਸ਼ਨਲ ਕੋਰਸ ਡੀ.ਪੀ.ਐਡ. ਸਰਕਾਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਪਟਿਆਲਾ ਤੋਂ ਪਾਸ ਕੀਤਾ । ਜਦ ਕਿ ਐਮ.ਏ. ਫਿਜੀਕਲ ਐਜੂਕੇਸ਼ਨ ਦੀ ਡਿਗਰੀ ਆਈ.ਏ.ਐਸ.ਈ. ਯੂਨੀਵਰਸਿਟੀ ਰਾਜਸਥਾਨ ਤੋਂ ਪਾਸ ਕੀਤੀ ਗਈ।
ਬਚਪਨ ਤੋਂ ਹੀ ਹਰ ਸਮੇਂ ਕੁਝ ਵੱਖਰਾ ਕਰਨ ਦੀ ਤਾਂਘ ਰੱਖਦੇ ਮਾਪਿਆਂ ਦੇ ਲਾਡਲੇ ਹਰਬਿੰਦਰ ਪਾਲ ਹੁਰਾਂ ਨੇ ਆਪਣੇ ਅਧਿਆਪਨ ਦੇ ਲੰਬੇਰੇ ਸਫਰ ਦੀ ਪਹਿਲੀ ਉਲਾਂਘ ਇੱਕ ਖੇਡ ਅਧਿਆਪਕ ਵਜੋਂ ਮਾਰਚ 1989 ਤੋਂ ਜਲੰਧਰ ਸ਼ਹਿਰ ਲਾਗਲੇ ਘੁੱਗ ਵਸਦੇ ਇਲਾਕੇ ਲਾਂਬੜੇ ਦੇ ਨਾਮਵਰ ਵਿਦਿਅਕ ਅਦਾਰੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਕਰ ਪੱਟੀ ।
ਜਿਸ ਮਗਰੋਂ ਅਗਲੇਰੀ ਉਲਾਂਘ ਸਰਕਾਰੀ ਨੌਕਰੀ ਦੀ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਬਤੌਰ ਡੀ.ਪੀ.ਈ. ਸਰਕਾਰੀ ਹਾਈ ਸਕੂਲ ਜਹਾਂਗੀਰ ਜਿਲ੍ਹਾ ਅੰਮ੍ਰਿਤਸਰ ( ਅੱਜ ਕੱਲ ਜਿਲ੍ਹਾ ਤਰਨਤਾਰਨ) ਵਿਖੇ 28 ਜੁਲਾਈ 1900 ਤੋਂ ਸਰਕਾਰੀ ਸੇਵਾਵਾਂ ਲਈ ਹਾਜਰ ਹੋ ਪੱਟੀ ਗਈ । ਜਿਥੇ ਸੇਵਾ ਨਿਭਾਉਂਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਖੋ-ਖੋ ਖੇਡ ਦੇ ਗੁਰ ਸਿਖਾ ਦੂਸਰੇ ਵਰ੍ਹੇ ਹੀ ਸਕੂਲ ਟੀਮ ਨੂੰ ਅਮ੍ਰਿਤਸਰ ਜਿਲ੍ਹੇ ਦੀ ਖੋ-ਖੋ ਚੈਂਪੀਅਨ ਬਣਨ ਦਾ ਮਾਣ ਦਿਵਾਇਆ ।
ਜੁਲਾਈ 1993 ਵਿੱਚ ਹੋਈ ਵਿਭਾਗੀ ਬਦਲੀ ਮਗਰੋਂ ਆਪਦੇ ਪਿੱਤਰੀ ਸ਼ਹਿਰ ਜਲੰਧਰ ਦੇ ਸਰਕਾਰੀ ਹਾਈ ਸਕੂਲ ਪ੍ਰਤਾਪਪੁਰਾ (ਨੇੜੇ ਲਾਂਬੜਾ) ਵਿਖੇ ਹਾਜਰੀ ਭਰਦਿਆਂ , ਪੂਰੀ ਤਨਦੇਹੀ ਤੇ ਲਗਨ ਨਾਲ ਮਿਹਨਤ ਕਰਵਾ, ਵਿਦਿਆਰਥੀਆਂ ਨੂੰ ਖੇਡਾਂ ਦੇ ਦਾਅ-ਪੇਚ ਸਿਖਾ ,ਤਿਆਰ ਕੀਤੀਆਂ ਖੋ-ਖੋ ਤੇ ਬੈਡਮਿੰਟਨ ਟੀਮਾਂ ਨੇ ਜੋਨ, ਜਿਲ੍ਹਾ ਅਤੇ ਸੂਬਾ ਪੱਧਰੀ ਜਿੱਤਾਂ ਹਾਸਲ ਕਰ ਕੁੱਝ ਵਿਦਿਆਰਥੀਆਂ ਵਲੋਂ ਨੈਸ਼ਨਲ ਸਕੂਲ ਖੇਡਾਂ ਵਿਚ ਵੀ ਭਾਗ ਲੈਣ ਦਾ ਸਬੱਬ ਪ੍ਰਾਪਤ ਕੀਤਾ।
ਵਿਭਾਗੀ ਬਦਲੀ ‘ਚ ਅਗਸਤ 2002 ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ, ਜਲੰਧਰ ਵਿਖੇ ਹਾਜਰ ਰਹਿੰਦਿਆਂ ਤਿਆਰ ਕੀਤੇ ਖਿਡਾਰੀਆਂ ਵਲੋਂ ਖੋ-ਖੋ, ਹਾਕੀ, ਕਬੱਡੀ ਤੇ ਐਥਲੈਟਿਕਸ ਵਿਚ ਜੋਨਲ ਅਤੇ ਜਿੱਲ੍ਹਾ ਪੱਧਰ ਤੇ ਮੱਲਾਂ ਮਾਰੀਆਂ। ਉਥੇ ਹੀ ਸੇਵਾ ਨਿਭਾਉਂਦਿਆਂ ਪ੍ਰਿੰਸੀਪਲ ਸਾਹਿਬ ਦੀ ਸਹਾਇਤਾ ਨਾਲ ਅਤੇ ਵਿਭਾਗ ਦੀ ਮੰਜੂਰੀ ਲੈ ਕੇ ਨਿਜੀ ਯਤਨਾਂ ਨਾਲ ਸਕੂਲ ਵਿੱਚ ਐਨ.ਸੀ.ਸੀ. ਟਰੁੱਪ ਸਥਾਪਿਤ ਕੀਤਾ ਗਿਆ। ਟਰੁੱਪ ਦੀ ਯੋਗ ਅਗਵਾਈ ਲਈ ਬਤੌਰ ਐਸੋਸੀਏਟ ਐਨ.ਸੀ.ਸੀ. ਅਫਸਰ ਕਾਂਪਟੀ, ਨਾਗਪੁਰ(ਮਹਾਂਰਾਸ਼ਟਰ) ਵਿਖੇ ਮਿਲਟਰੀ ਟ੍ਰੇਨਿੰਗ ਪ੍ਰਾਪਤ ਕਰਕੇ ਕਮਿਸ਼ਨ ਪ੍ਰਾਪਤ ਕੀਤਾ।
ਵਿਭਾਗੀ ਫੇਰ-ਬਦਲ ਦੌਰਾਨ ਹਾਲ ਦੇ ਜਿਲ੍ਹਾ ਤਰਨਤਾਰਨ ਦੇ ਸਰਕਾਰੀ ਹਾਈ ਸਕੂਲ ਆਸਲ ਉਤਾੜ ਵਿਖੇ ਤਿੰਨ ਮਹੀਨੇ ਸੇਵਾ ਨਿਭਾ ਮੁੜ ਜੂਨ 2006 ਵਿੱਚ ਸਰਕਾਰੀ ਹਾਈ ਸਕੂਲ ਰੈਣਕ ਬਜਾਰ,ਜਲੰਧਰ ਵਿਖੇ ਵੀ ਸੇਵਾ ਨਿਭਾਈ । ਜਿਸ ਮਗਰੋਂ ਨਵੰਬਰ 2011 ਤੋਂ ਸ਼ਹਿਰ ਦੀ ਲਾਡੋਵਾਲੀ ਰੋਡ ਉੱਪਰ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੇਵਾ ਨਿਭਾਉਣ ਦਾ ਸਬੱਬ ਮਿਲਿਆ। ਦੇਸ਼ ਪ੍ਰਤੀ ਜ਼ੁਮੇਵਾਰੀ ਨਿਭਾਉਣ ਲਈ ਜੁਮੇਵਾਰ ਕੈਡਿਟਸ ਤਿਆਰ ਕਰਨ ਲਈ ਐਨ.ਸੀ.ਸੀ. ਦਾ ਟਰੁੱਪ ਵੀ ਚਲਾਇਆ ਗਿਆ।
ਉਨ੍ਹਾਂ ਦੁਆਰਾ ਤਿਆਰ ਕੀਤੇ ਖਿਡਾਰੀਆਂ ਨੇ ਖੋ-ਖੋ ਖੇਡ ਵਿੱਚ ਸਟੇਟ ਪੱਧਰ ਤੇ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ ਤੇ ਇਨ੍ਹਾਂ ਖਿਡਾਰੀਆਂ ਵਿੱਚੋਂ ਹੀ ਤਿੰਨ ਖਿਡਾਰੀ ਨੈਸ਼ਨਲ ਸਕੂਲ ਖੇਡਾਂ ਲਈ ਵੀ ਖੇਡਣ ਗਏ।
ਦੂਸਰਿਆਂ ਲਈ ਚਾਨਣ ਮੁਨਾਰਾ ਬਣ ਮਾਪਿਆਂ ਦਾ ਨਾਮ ਰੌਸ਼ਨ ਕਰਨ ਵਾਲੇ ਹੈਡਮਾਸਟਰ ਹਰਬਿੰਦਰ ਪਾਲ ਖੁੱਦ ਵਧੀਆ ਖੋ-ਖੋ ਖਿਡਾਰੀ ਹੋਣ ਕਰਕੇ ਆਪਣੀ ਖੇਡ ਨਿਪੁੰਨਤਾ ਤੇ ਵਧੀਆ ਪ੍ਰਦਰਸ਼ਨ ਕਰਨ ਸੱਦਕਾ ਸੰਨ 2004 ਤੋਂ ਖੋ-ਖੋ- ਫੈਡਰੇਸ਼ਨ ਆਫ ਇੰਡਿਆ ਦੇ ਕੁਆਲੀਫਾਈਡ ਰੈਫਰੀ ਵਜੋਂ ਮੁਕਾਂਮ ਹਾਸਿਲ ਕਰ ਹੁਣ ਤੱਕ ਖੋ-ਖੋ ਖੇਡ ਦੇ ਕਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਟੂਰਨਾਮੈਂਟਾਂ ਦੌਰਾਨ ਬਤੌਰ ਟੈਕਨੀਕਲ ਆਫੀਸ਼ੀਅਲ ਵੀ ਸੇਵਾਵਾਂ ਨਿਭਾ ਚੁੱਕੇ ਹਨ।
ਸਿੱਖਿਆ ਵਿਭਾਗ ਵਲੋਂ ਇਨ੍ਹਾਂ ਨੂੰ ਆਪਣੇ ਕਾਡਰ ਵਿਚ ਸੀਨੀਅਰ ਹੋਣ ਕਰਕੇ ਜਨਵਰੀ 2017 ਵਿੱਚ ਜਿਲ੍ਹਾ ਸਿਖਿਆ ਦਫਤਰ, ਜਲੰਧਰ ਵਿਖੇ ਬਤੌਰ ਏ.ਈ.ਓ. (ਖੇਡਾਂ) ਤਾਇਨਾਤ ਕਰ ਦਿੱਤਾ ਗਿਆ। ਆਪਦੇ ਅਹੁਦੇ ਤੇ ਰਹਿੰਦਿਆਂ ਵੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਡਿਊਟੀ ਨਿਭਾ ਸੂਬੇ ਭਰ ਵਿਚ ਜਲੰਧਰ ਜ਼ਿਲ੍ਹੇ ਨੂੰ ਟੀਮਾਂ ਦੀ ਪ੍ਰਾਪਤੀ ਸੱਦਕਾ ਮੋਹਰੀ ਕਤਾਰ ‘ਚ ਲਿਆ ਖੜ੍ਹਾ ਕੀਤਾ। ਯੋਗ ਅਗਵਾਈ ਵਿੱਚ ਜਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਮਿਲ ਕੇ ਖੇਡਾਂ ਦੇ ਖੇਤਰ ਵਿੱਚ ਜਿਲ੍ਹਾ ਜਲੰਧਰ ਦਾ ਨਾਂ ਸੂਬੇ ਅਤੇ ਰਾਸ਼ਟਰ ਪੱਧਰ ਤੇ ਵੀ ਰੋਸ਼ਨ ਕੀਤਾ।
ਵੱਖ-ਵੱਖ ਥਾਵਾਂ ਤੇ ਨਿਭਾਈਆਂ ਵਿਭਾਗੀ ਸੇਵਾਵਾਂ ਦੌਰਾਨ ਪਾਏ ਸਫਲ ਵਿਲੱਖਣ ਪੂਰਨਿਆਂ ਨੂੰ ਮੱਦੇਨਜ਼ਰ ਰੱਖਦਿਆਂ ਜੁਲਾਈ 2019 ਵਿੱਚ ਸਿਖਿਆ ਵਿਭਾਗ ਵਲੋਂ ਤਰੱਕੀ ਵਜੋਂ ਨਿਵਾਜਦਿਆਂ ਬਤੌਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਪੂਰਨਪੁਰ ,ਜਲੰਧਰ ਵਿਖੇ ਸੇਵਾ ਨਿਭਾਉਣ ਦੀ ਜੁਮੇਵਾਰੀ ਸੌਂਪੀ ਗਈ। ਜ਼ਿਕਰਯੋਗ ਹੈ ਕਿ ਰਾਸ਼ਟਰ ਪੱਧਰੀ ਮੁਕਾਬਲਿਆਂ ਦੇ ਸਫਲ ਅਯੋਜਨ ‘ਚ ਅਹਿਮ ਰੋਲ ਅਦਾ ਕਰਨ ਵਾਲੇ , ਪਿੰਡ ਤੋਂ ਸ਼ਹਿਰ, ਸ਼ਹਿਰ ਤੋਂ ਸੂਬੇ , ਸੂਬੇ ਤੋਂ ਰਾਸ਼ਟਰ ਤੇ ਅੰਤਰਰਾਸ਼ਟਰੀ ਮੁਕਾਮ ਹਾਸਲ ਕਰ ਆਪਦੇ ਮਾਪਿਆਂ ਦੇ ਲਾਡਲੇ ਰੌਸ਼ਨ – ਚਿਰਾਗ ਹੈਡਮਾਸਟਰ ਹਰਬਿੰਦਰ ਪਾਲ 30 ਅਪ੍ਰੈਲ 2024 ਨੂੰ ਸੇਵਾ ਮੁੱਕਤੀ ਮਗਰੋਂ ਵੀ ਆਪਦੇ ਪਾਏ ਹਰਫੀ ਪੂਰਨਿਆਂ, ਮਿਲਾਪੜੇ ਸੁਭਾਅ ਤੇ ਹੱਸਮੁੱਖ ਚਿਹਰੇ,ਲਾਜਵਾਬ ਮਿੱਠੜੀ ਸ਼ਬਦਾਵਲੀ ਸੱਦਕਾ ਸੇਵਾ ਮੁੱਕਤੀ ਮਗਰੋਂ ਵੀ ਖੇਡ ਸੰਸਾਰ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਹਰ ਚਾਹਵਾਨ ਦੇ ਦਿੱਲ੍ਹ ਦੀਆਂ ਯਾਦਾਂ ‘ਚ ਵਸ ਮਾਰਗ ਦਰਸ਼ਕ ਬਣ ਨਿਭਾਉਦੇ ਰਹਿਣਗੇ।
Share this content: