Jalandhar : ਇਟਲੀ ਦੀ ਕ੍ਰਿਕੇਟ ਇਤਿਹਾਸ ਵਿੱਚ ਪਲਾਜ਼ੋਲੋ ਕ੍ਰਿਕੇਟ ਕਲੱਬ ਨੇ ਨਵਾਂ ਅਧਿਆਇ ਜੋੜ ਦਿੱਤਾ ਹੈ। ਪਹਿਲੀ ਵਾਰ ਇਟਲੀ ਵਿੱਚ ਕਾਸਕੋ (ਸਿਕਸਰ ਬਾਲ) ਫਾਰਮੈਟ ਵਿੱਚ ਹਿੱਸਾ ਲੈਂਦਿਆਂ ਪਲਾਜ਼ੋਲੋ ਕ੍ਰਿਕੇਟ ਕਲੱਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਸਾਲ ਸਭ ਤੋਂ ਵੱਧ ਕੱਪ ਜਿੱਤਣ ਵਾਲੀ ਟੀਮ ਬਣਨ ਦਾ ਮਾਣ ਹਾਸਲ ਕੀਤਾ। ਇਹ ਟੂਰਨਾਮੈਂਟ 7 ਸਤੰਬਰ 2025 ਨੂੰ ਬ੍ਰਦਰਹੁੱਡ ਕ੍ਰਿਕੇਟ ਕਲੱਬ ਪੋਰਡੇਨੋਨ ਵੱਲੋਂ ਕਰਵਾਇਆ ਗਿਆ, ਜਿਸਨੂੰ ਇਟਲੀ ਕ੍ਰਿਕੇਟ ਚੈਂਪੀਅਨ ਟੂਰਨਾਮੈਂਟ ਦਾ ਨਾਮ ਦਿੱਤਾ ਗਿਆ ਸੀ।
ਇਸ ਉੱਚ ਪੱਧਰੀ ਟੂਰਨਾਮੈਂਟ ਵਿੱਚ ਇਟਲੀ ਦੀਆਂ ਚੋਟੀ ਦੀਆਂ 8 ਕਲੱਬ ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੌਰਾਨ ਕਾਸਕੋ (ਸਿਕਸਰ ਬਾਲ) ਦੇ ਟੋਪ ਕਲਾਸ ਸਟਾਰ ਪਲੇਅਰਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਹਰ ਮੈਚ ਰੋਮਾਂਚਕ ਬਣਿਆ ਰਿਹਾ। ਦਰਸ਼ਕਾਂ ਨੂੰ ਹਰ ਮੈਚ ਵਿੱਚ ਛੱਕਿਆਂ ਦੀ ਬਰਸਾਤ ਅਤੇ ਤੇਜ਼ ਗੇਂਦਬਾਜ਼ੀ ਦੇਖਣ ਨੂੰ ਮਿਲੀ।
ਟੂਰਨਾਮੈਂਟ ਦਾ ਸਾਰਾ ਪ੍ਰਬੰਧ ਸਾਗਰ ਚੱਠਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਮੈਚਾਂ ਦੀ ਸਮਾਂ-ਸਾਰਣੀ ਤੋਂ ਲੈ ਕੇ ਮੈਦਾਨੀ ਪ੍ਰਬੰਧ, ਅੰਪਾਇਰਿੰਗ ਅਤੇ ਖਿਡਾਰੀਆਂ ਦੀਆਂ ਸਹੂਲਤਾਂ ਤੱਕ ਹਰ ਪੱਖ ’ਤੇ ਖਾਸ ਧਿਆਨ ਦਿੱਤਾ ਗਿਆ, ਜਿਸ ਕਾਰਨ ਟੂਰਨਾਮੈਂਟ ਸਫਲ ਰਿਹਾ।
ਪਲਾਜ਼ੋਲੋ ਕ੍ਰਿਕੇਟ ਕਲੱਬ ਨੇ ਸ਼ੁਰੂ ਤੋਂ ਹੀ ਮਜ਼ਬੂਤ ਖੇਡ ਦਾ ਪ੍ਰਦਰਸ਼ਨ ਕੀਤਾ। ਟੀਮ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਸੰਤੁਲਨ ਸਾਫ਼ ਨਜ਼ਰ ਆਇਆ। ਹਰ ਮੈਚ ਵਿੱਚ ਖਿਡਾਰੀਆਂ ਨੇ ਇੱਕ-ਦੂਜੇ ਦਾ ਸਹਿਯੋਗ ਕੀਤਾ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਇਟਲੀ ਦੀ ਚੈਂਪੀਅਨ ਟੀਮ ਬਣਨ ਦਾ ਖ਼ਿਤਾਬ ਜਿੱਤ ਲਿਆ।
ਟੀਮ ਦੇ ਕਪਤਾਨ ਰਵਿਸੇਰ ਗਿੱਲ ਅਤੇ ਹਰਵਿੰਦਰ ਸਿੰਘ (ਸੋਢੀ) ਨੇ ਟੀਮ ਦੀ ਕਾਮਯਾਬੀ ਦਾ ਸਹਿਰਾ ਸਾਰੇ ਖਿਡਾਰੀਆਂ ਦੀ ਸਾਂਝੀ ਮਹਿਨਤ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਟੀਮ ਦੀ ਨਹੀਂ, ਸਗੋਂ ਹਰ ਉਸ ਖਿਡਾਰੀ ਦੀ ਹੈ ਜਿਸ ਨੇ ਮੈਦਾਨ ਵਿੱਚ ਦਿਲੋਂ ਖੇਡਿਆ।
ਟੀਮ ਦੇ ਸਪੋਨਸਰ ਦੋਆਬਾ ਪੀਜ਼ਾ ਐਂਡ ਕਬਾਬ (DOABA PIZZA & KABAB – ਗੁਰੂ ਲਾਲੀ) ਵੱਲੋਂ ਵੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪਲਾਜ਼ੋਲੋ ਕ੍ਰਿਕੇਟ ਕਲੱਬ ਨੇ ਇਟਲੀ ਵਿੱਚ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਪੂਰੇ ਟੂਰਨਾਮੈਂਟ ਦਾ ਲਾਈਵ ਪ੍ਰਸਾਰਨ CHAHAL TV ITALY (ਬਲਵੰਤ ਚਾਹਲ) ਵੱਲੋਂ ਕੀਤਾ ਗਿਆ, ਜਿਸ ਨਾਲ ਇਟਲੀ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਬੈਠੇ ਕ੍ਰਿਕੇਟ ਪ੍ਰੇਮੀ ਵੀ ਇਸ ਰੋਮਾਂਚਕ ਟੂਰਨਾਮੈਂਟ ਦਾ ਆਨੰਦ ਲੈ ਸਕੇ। ਪਲਾਜ਼ੋਲੋ ਕ੍ਰਿਕੇਟ ਕਲੱਬ ਦੀ ਇਹ ਕਾਮਯਾਬੀ ਇਟਲੀ ਵਿੱਚ ਕ੍ਰਿਕੇਟ ਦੇ ਭਵਿੱਖ ਲਈ ਇੱਕ ਨਵੀਂ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੈ।
Share this content:


