ਜਲੰਧਰ ਦੇ ਵੱਖ ਵੱਖ ਇਲਾਕਿਆਂ ਵਿੱਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ : ਚਰਨਜੀਤ ਸਿੰਘ ਚੰਨੀ

0
13

ਜਲੰਧਰ : 24/08/2026, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੀਆ ਸੜਕਾਂ ‘ਤੇ ਲੱਗੇ ਕੂੜੇ ਕਰਕਟ ਦੇ ਢੇਰਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਦੀਆ ਸੜਕਾਂ ‘ਤੇ ਖਿੱਲਰਿਆ ਹੋਇਆ ਕੂੜਾ ਕਰਕਟ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਦ ਕਿ ਪੰਜਾਬ ਸਰਕਾਰ ਨੇ ਸਫ਼ਾਈ ਸੇਵਕਾਂ ਨੂੰ ਘਰਾਂ ਵਿੱਚ ਬਿਠਾ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਸਬੰਧਿਤ ਇੱਕ ਕੰਪਨੀ ਨੂੰ ਸਫ਼ਾਈ ਦਾ ਠੇਕਾ ਦਿੱਤਾ ਹੋਇਆ ਹੈ ਜੋ ਕਿ ਸਫ਼ਾਈ ਪ੍ਰਬੰਧਾਂ ਵਿੱਚ ਫ਼ੇਲ੍ਹ ਸਾਬਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸਫ਼ਾਈ ਦਾ ਕੰਮ ਕਰਨ ਵਾਲੇ ਗ਼ਰੀਬ ਲੋਕਾਂ ਤੋਂ ਕੰਮ ਖੋਹ ਕੇ ਦਿੱਲੀ ਨਾਲ ਸਬੰਧਿਤ ਇੱਕ ਕੰਪਨੀ ਨੂੰ 607 ਕਰੋੜ ਰੁਪਏ ਵਿੱਚ 8 ਸਾਲਾਂ ਲਈ ਸਫ਼ਾਈ ਦਾ ਠੇਕਾ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਦੀ ਮਿਆਦ 6 ਮਹੀਨੇ ਦੀ ਰਹਿ ਗਈ ਹੈ ਤੇ ਇਹ ਸਰਕਾਰ ਸੂਬੇ ਨੂੰ ਲੁੱਟਣ ਤੇ ਸਫ਼ਾਈ ਸੇਵਕਾਂ ਨੂੰ ਕੁੱਟਣ ਵੱਲ ਲੱਗੀ ਹੋਈ ਹੈ। ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦੌਰਾ ਕਰਨ ਸਮੇਂ ਸਫ਼ਾਈ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਇੰਨਾ ਹਾਲਾਤਾਂ ਵਿੱਚ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਤੇ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਸਾਬਤ ਹੋਈ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਦੇ ਪੋਸ਼ ਇਲਾਕੇ ਵੀ ਗੰਦਗੀ ਦੇ ਢੇਰਾਂ ਨਾਲ ਭਰੇ ਹੋਏ ਹਨ ਤੇ ਕਰੋੜਾਂ ਦੇ ਸ਼ੋਅ ਰੂਮਾਂ ਵਿੱਚ ਕੰਮ ਕਰਦੇ ਵਪਾਰੀ ਵੀ ਪਰੇ ਸ਼ਾਨ ਹਨ ਜਦ ਕਿ ਸਥਾਨਕ ਆਮ ਲੋਕ ਇਸ ਗੰਦਗੀ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਚਮੜੀ ਦੇ ਰੋਗ, ਡੇਂਗੂ, ਹੈਜ਼ਾ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਨਾਂ ਤਾਂ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮਿਲ ਰਿਹਾ ਹੈ ਤੇ ਨਾਂ ਹੀ ਕੋਈ ਵਿਕਾਸ ਕਾਰਜ ਹੋ ਰਿਹਾ ਹੈ ਜਦ ਕਿ ਅਜਿਹੇ ਹਾਲਾਤ ਹਰ ਸ਼ਹਿਰ ਦੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲਈ ਇਹ ਸ਼ਰਮਨਾਕ ਹੈ ਤੇ ਜੇਕਰ ਜਲੰਧਰ ਜਾਂ ਕਿਸੇ ਹੋਰ ਇਲਾਕੇ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਦੀਆਂ ਹਨ ਤਾਂ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੋਵੇਗੀ।

Share this content:

LEAVE A REPLY

Please enter your comment!
Please enter your name here