ਪਟਿਆਲਾ ’ਚ ਪੁਲਿਸ ਤੇ ਰੋਸ ਮੁਜ਼ਾਹਰਾਕਾਰੀ ਅਧਿਆਪਕਾਂ ਵਿਚਾਲੇ ਹੋਏ ਤਿੱਖੇ ਸੰਘਰਸ਼ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਜਾਰੀ ਕੀਤੀ ਕਿ ਅਧਿਆਪਕ ਇਨ੍ਹਾਂ ਮੁਜ਼ਾਹਰਿਆਂ ਤੇ ਸੰਘਰਸ਼ ਦੇ ਰਾਹ ਨੂੰ ਛੱਡ ਕੇ ਕੁਝ ਸਬਰ ਵਿਖਾਉਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੁਲਤਵੀ ਪਈਆਂ ਮੰਗਾਂ ਛੇਤੀ ਤੋਂ ਛੇਤੀ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜਾਣਕਾਰੀ ਮੁਤਾਬਕ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਸਰਕਾਰ ਮੁਲਾਜ਼ਮਾਂ ਦੀਆਂ ਸਾਰੀਆਂ ਮੁਲਤਵੀ ਪਈਆਂ ਮੰਗਾਂ ਹੱਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਰਾਹ ਪੈ ਕੇ ਸਮੱਸਿਆ ਦਾ ਕੋਈ ਉਸਾਰੂ ਹੱਲ ਨਹੀਂ ਲੱਭਣਾ। ਉਨ੍ਹਾਂ ਕਿਹਾ ਕਿ ਛੇਤੀ ਹੀ ਹੱਲ ਲੱਭਣ ਲਈ ਗੱਲਬਾਤ ਕੀਤੀ ਜਾਵੇਗੀ।
ਕੈਪਟਨ ਨੇ ਅੱਗੇ ਕਿਹਾ ਕਿ ਅਧਿਆਪਕਾਂ ਸਮੇਤ ਸਾਰੇ ਹੀ ਮੁਲਾਜ਼ਮ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਉਨ੍ਹਾਂ ਕਿਹਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਕੈਬਿਨੇਟ ਦੀ ਇੱਕ ਸਬ–ਕਮੇਟੀ ਕਾਇਮ ਕੀਤੀ ਹੋਈ ਹੈ ਤੇ ਉਹ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਲੱਭਣ ਲਈ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ਉਹ ਵੀ ਛੇਤੀ ਹੀ ਮੁਲਾਜ਼ਮ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਮਿਲਣਗੇ।
ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਇਸ ਵੇਲੇ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਲੰਘ ਰਹੀ ਹੈ ਪਰ ਫਿਰ ਵੀ ਸਰਕਾਰ ਨੇ ਪਿੱਛੇ ਜਿਹੇ 6 ਫ਼ੀਸਦੀ ਡੀਏ ਮਨਜ਼ੂਰ ਕੀਤਾ ਗਿਆ ਹੈ ਤੇ ਇਸ ਦਾ ਸਰਕਾਰੀ ਖ਼ਜ਼ਾਨੇ ਉੱਤੇ 720 ਕਰੋੜ ਰੁਪਏ ਵਾਧੂ ਬੋਝ ਪਵੇਗਾ ਤੇ ਇਸ ਦਾ ਲਾਭ 3.25 ਲੱਖ ਮੁਲਾਜ਼ਮਾਂ ਤੇ 3 ਲੱਖ ਪੈਨਸ਼ਨਰਾਂ ਨੂੰ ਪੁੱਜੇਗਾ।