Friday , April 19 2019
Home / ਖੇਡਾਂ / ਸੁਪਰ-4 ਦੇ ਆਖਰੀ ਮੈਚ ‘ਚ ਭਾਰਤ ਕੋਲ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਮੌਕਾ

ਸੁਪਰ-4 ਦੇ ਆਖਰੀ ਮੈਚ ‘ਚ ਭਾਰਤ ਕੋਲ ਬੈਂਚ ਸਟ੍ਰੈਂਥ ਅਜ਼ਮਾਉਣ ਦਾ ਮੌਕਾ

ਭਾਰਤ ਨੇ ਲਗਾਤਾਰ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ ਤੇ ਹੁਣ ਉਸ ਕੋਲ ਅਫਗਾਨਿਸਤਾਨ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਆਪਣੇ ਆਖਰੀ ਸੁਪਰ-4 ਮੁਕਾਬਲੇ ਵਿਚ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਦਾ ਚੰਗਾ ਮੌਕਾ ਹੋਵੇਗਾ। ਭਾਰਤ ਨੇ ਗਰੁੱਪ ਮੈਚਾਂ ‘ਚ ਹਾਂਗਕਾਂਗ ਨੂੰ 26 ਦੌੜਾਂ ਤੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਸੀ, ਜਦਕਿ ਸੁਪਰ-4 ‘ਚ ਉਸ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਅਤੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ।

ਦੂਜੇ ਪਾਸੇ ਅਫਗਾਨਿਸਤਾਨ ਨੇ ਗਰੁੱਪ ਮੈਚਾਂ ‘ਚ ਬੰਗਲਾਦੇਸ਼ ਤੇ ਸ਼੍ਰੀਲੰਕਾ ਨੂੰ ਹਰਾ ਕੇ ਉਲਟਫੇਰ ਦੀਆਂ ਜਿਹੜੀਆਂ ਉਮੀਦਾਂ ਜਗਾਈਆਂ ਸਨ, ਉਹ ਸੁਪਰ-4 ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਮਿਲੀ ਹਾਰ ਨਾਲ ਦਮ ਤੋੜ ਗਈਆਂ। ਅਫਗਾਨਿਸਤਾਨ ਨੇ ਹੁਣ ਇਹ ਮੈਚ ਆਪਣਾ ਸਨਮਾਨ ਬਚਾਉਣ ਲਈ ਖੇਡਣਾ ਹੈ ਤੇ ਭਾਰਤ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨੀ ਹੈ। ਭਾਰਤ ਦਾ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ‘ਚ ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਆਖਰੀ ਸੁਪਰ-4 ਦੇ ਮੈਚ ਜੇਤੂ ਨਾਲ ਮੁਕਾਬਲਾ ਹੋਣਾ ਹੈ। ਉਸ ਤੋਂ ਪਹਿਲਾਂ ਭਾਰਤ ਕੋਲ ਆਪਣੀ ਬੈਂਚ ਸਟ੍ਰੈਂਥ ਨੂੰ ਅਜ਼ਮਾਉਣ ਤੇ ਫਾਈਨਲ ਲਈ ਕੁਝ ਖਿਡਾਰੀਆਂ ਨੂੰ ਆਰਾਮ ਦੇਣ ਦਾ ਮੌਕਾ ਰਹੇਗਾ। ਭਾਰਤ ਅਫਗਾਨਿਸਤਾਨ ਵਿਰੁੱਧ ਮੁਕਾਬਲੇ ‘ਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ, ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ।

ਖਲੀਲ ਨੇ ਹਾਂਗਕਾਂਗ ਵਿਰੁੱਧ ਪਹਿਲੇ ਮੈਚ ‘ਚ 3 ਵਿਕਟਾਂ ਲਈਆਂ ਸਨ ਪਰ ਅਗਲੇ ਮੈਚ ਵਿਚ ਬੁਮਰਾਹ ਦੀ ਵਾਪਸੀ ਤੋਂ ਬਾਅਦ ਉਹ ਫਿਰ ਆਖਰੀ-11 ਵਿਚ ਨਹੀਂ ਖੇਡਿਆ ਹੈ। ਮੌਕਾ ਹਾਸਲ ਕਰਨ ਵਾਲਿਆਂ ਦੀ ਲਾਈਨ ‘ਚ ਤੇਜ਼ ਗੇਂਦਬਾਜ਼ ਦੀਪਕ ਚਾਹਰ ਵੀ ਹੈ, ਜਿਸ ਨੇ ਅਜੇ ਵਨ ਡੇ ‘ਚ ਡੈਬਿਊ ਕਰਨਾ ਹੈ। ਬੱਲੇਬਾਜ਼ੀ ‘ਚ ਮਨੀਸ਼ ਪਾਂਡੇ ਤੇ ਲੋਕੇਸ਼ ਰਾਹੁਲ ਮੌਕੇ ਹਾਸਲ ਕਰਨ ਵਾਲਿਆਂ ਦੀ ਲਾਈਨ ‘ਚ ਹਨ। ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਤੇ ਪਾਕਿਸਤਾਨ ਵਿਰੁੱਧ ਹਮਲਾਵਰ ਸੈਂਕੜਾ ਲਾ ਕੇ ‘ਮੈਨ ਆਫ ਦਿ ਮੈਚ’ ਬਣੇ ਸ਼ਿਖਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਸ਼ਿਖਰ ਨੂੰ ਆਰਾਮ ਦੇ ਕੇ ਰਾਹੁਲ ਨੂੰ ਓਪਨਿੰਗ ‘ਚ ਅਜ਼ਮਾਇਆ ਜਾ ਸਕਦਾ ਹੈ।

ਭਾਰਤ ਲਈ ਇਕ ਟੀ-20 ਮੈਚ ਖੇਡ ਚੁੱਕੇ ਦੀਪਕ ਨੂੰ ਅਜੇ ਵਨ ਡੇ ਡੈਬਿਊ ਕਰਨ ਦਾ ਇੰਤਜ਼ਾਰ ਹੈ। ਸਿਧਾਰਥ ਤੇ ਰਾਹੁਲ ਨੇ ਆਪਣੇ ਆਖਰੀ ਵਨ ਡੇ ਪਿਛਲੀ 14 ਜੁਲਾਈ ਨੂੰ ਲਾਰਡਸ ਵਿਚ ਇੰਗਲੈਂਡ ਵਿਰੁੱਧ ਖੇਡੇ ਸਨ। 22 ਵਨ ਡੇ ਖੇਡ ਚੁੱਕੇ ਮਨੀਸ਼ ਨੇ ਆਪਣਾ ਆਖਰੀ ਵਨ ਡੇ ਮੈਚ 17 ਦਸੰਬਰ 2017 ਨੂੰ ਵਿਸ਼ਾਖਾਪਟਨਮ ‘ਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ। ਭਾਰਤ ਏਸ਼ੀਆ ਕੱਪ ਰਾਹੀਂ ਅਗਲੇ ਸਾਲ ਦੇ ਵਿਸ਼ਵ ਕੱਪ ਦੇ ਆਪਣੇ ਸੰਯੋਜਨਾਂ ਨੂੰ ਅਜ਼ਮਾ ਰਿਹਾ ਹੈ। ਹਾਲਾਂਕਿ ਇਕ ਮੈਚ ਨਾਲ ਕਿਸੇ ਖਿਡਾਰੀ ਦੀ ਪੂਰੀ ਪ੍ਰੀਖਿਆ ਨਹੀਂ ਹੋ ਸਕਦੀ ਪਰ ਜਿਹੜਾ ਖਿਡਾਰੀ ਇਕ ਮੌਕੇ ਦਾ ਵੀ ਫਾਇਦਾ ਚੁੱਕ ਲੈਂਦਾ ਹੈ, ਉਹ ਅੱਗੇ ਦੀ ਦੌੜ ਵਿਚ ਬਣਿਆ ਰਹਿ ਸਕਦਾ ਹੈ।

ਅਫਗਾਨਿਸਤਾਨ : ਮੁਹੰਮਦ ਸ਼ਹਿਜ਼ਾਦ, ਅਹਿਸਾਨਉੱਲਾ ਜਮਾਤ, ਜਾਵੇਦ ਅਹਿਮਦੀ, ਰਹਿਮਤ ਸ਼ਾਹ, ਅਸਗਰ ਅਫਗਾਨ, ਹਸਮਤ ਸ਼ਾਹਿਦੀ, ਮੁਹੰਮਦ ਨਬੀ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਨਜ਼ੀਬਉੱਲਾ ਜਾਦਰਾਨ, ਮੁਜੀਬ-ਉਰ-ਰਹਿਮਾਨ, ਆਫਤਾਬ ਆਲਮ, ਸਮੀਉੱਲਾ ਸ਼ੇਨਵਾਰੀ, ਮੁਨੀਸ ਅਹਿਮਦ, ਸਈਦ ਅਹਿਮਦ ਸ਼ੇਰਜ਼ਾਦ, ਅਸ਼ਰਫ, ਮੋਮਾਂਦ ਵਫਾਦਾਰ।

ਭਾਰਤੀ ਟੀਮ : ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ (ਕਪਤਾਨ), ਰਵਿੰਦਰ ਜਡੇਜਾ, ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ, ਕੇਦਾਰ ਜਾਧਵ, ਅੰਬਾਤੀ ਰਾਇਡੂ, ਯੂਜਵਿੰਦਰ ਚਾਹਲ, ਕੁਲਦੀਪ ਯਾਦਵ, ਜਸਪ੍ਰਿਤ ਬੁਮਰਾਹ।

About Ashish Kumar

Check Also

Asian Games: ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ …

WP Facebook Auto Publish Powered By : XYZScripts.com