ਸੁਲਤਾਨਪੁਰ ਲੋਧੀ , 4 ਜੂਨ
ਗਤਕੇ ਦੀਆਂ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿੱਚ ਸ਼ਾਮਲ ਹੋਣ ਮਗਰੋਂ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗੱਤਕੇ ਨਾਲ ਜੁੜ ਰਹੇ ਹਨ। ਇਸੇ ਤਹਿਤ 9ਵਾ ੧ਓ ਨੈਸ਼ਨਲ ਗੱਤਕਾ ਕੱਪ ਸੀਚੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ।ਸੰਤ ਅਵਤਾਰ ਸਿੰਘ ਗੱਤਕਾ ਅਖਾੜਾ ਅਤੇ ਪੰਜਾਬ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਗੱਤਕੇ ਦੇ ਮੁਕਾਬਲੇ 4 ਤੇ 5 ਜੂਨ ਨੂੰ ਹੋਣਗੇ।ਉਨ੍ਹਾਂ ਦੱਸਿਆ ਕਿ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 35 ਵੀ ਬਰਸੀ ਨੂੰ ਸਮਰਪਿਤ ਇਹ 9 ਵਾਂ ਗੱਤਕਾ ਕੌਮੀ ਕੱਪ ਗੱਤਕਾ ਫੈਡਰੇਸ਼ਨ ਦੇ ਉਪ ਪ੍ਰਧਾਨ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਦੀ ਅਗਵਾਈ ਵਿੱਚ ਹੋਣਗੇ।ਜਦ ਕਿ ਇਸ ਦੀ ਸਰਪ੍ਰਸਤੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਰਨਗੇ।ਇਸ ਗੱਤਕਾ ਕੌਮੀ ਕੱਪ ਵਿੱਚ ਦੇਸ਼ ਦੇ 21 ਸੂਬਿਆਂ ਤੋਂ 650 ਤੋਂ ਵੱਧ ਖਿਡਾਰੀ ਤੇ ਪ੍ਰਬੰਧਕ ਹਿੱਸਾ ਲੈ ਰਹੇ ਹਨ। ਗੱਤਕਾ ਕੋਚ ਗੁਰਵਿੰਦਰ ਕੌਰ ਤੇ ਤੇਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਤੋਂ ਖਿਡਾਰੀ ਤਿੰਨ ਜੂਨ ਨੂੰ ਹੀ ਪਹੁੰਚ ਗਏ ਸਨ।ਸਿਰਫ ਨੇੜਲੇ ਸੂਬਿਆਂ ਦੇ ਖਿਡਾਰੀ ਚਾਰ ਜੂਨ ਨੂੰ ਆਉਣਗੇ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ।