ਜਲੰਧਰ/ ਕਰਤਾਰਪੁਰ 22 ਸਤੰਬਰ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕ ਤੇ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਵਲੋਂ ਅੱਜ ਕਰਤਾਰਪੁਰ ਵਿੱਚ ਵਿਸ਼ਵਕਰਮਾ ਬਜ਼ਾਰ ਵਿੱਚ ਸਥਿਤ ਮਦੀਨਾ ਤਕੀਆ ਵਾਲੀ ਮਸਜਿਦ ਦੇ ਵਿਕਾਸ ਲਈ ਪੰਜਾਬ ਵਕਫ ਬੋਰਡ ਦੀ ਤਰਫੋਂ 11 ਲੱਖ ਰੁਪਏ ਦੀ ਗਰਾਂਟ ਦਾ ਚੈਕ ਪ੍ਰਬੰਧਕਾਂ ਨੂੰ ਸੌਂਪਿਆ ਗਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਭਲਾਈ ਕਰਨਾ ਸੂਬਾ ਸਰਕਾਰ ਦੇ ਏਜੰਡੇ ’ਤੇ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿੱਤੀ ਵਰ੍ਹੇ ਨੂੰ ਵਿਕਾਸ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਤਹਿਤ ਹਰ ਖੇਤਰ ਦੀ ਤਰੱਕੀ ਤੇ ਹਰ ਵਰਗ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।
ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸ਼ਕ ਤੇ ਏ.ਡੀ.ਜੀ.ਪੀ. ਐਮ.ਐਫ.ਫਾਰੂਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਵਿੱਚ ਵਕਫ਼ ਬੋਰਡ ਵੀ ਲਗਾਤਾਰ ਪੰਜਾਬ ਵਿੱਚ ਮਸਜਿਦਾਂ ਅਤੇ ਕਬਰਿਸਤਾਨਾਂ ਦੇ ਵਿਕਾਸ ਦੇ ਨਾਲ-ਨਾਲ ਸਿੱਖਿਆ ਤੇ ਮੈਡੀਕਲ ਦੇ ਖੇਤਰ ਨੂੰ ਅਪਗਰੇਡ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਸਮੇਤ ਪੂਰੇ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਜਾ ਰਹੀ ਹੈ ਜਦਕਿ ਮਲੇਰਕੋਟਲਾ ਵਿੱਚ 40 ਕਰੋੜ ਰੁਪਏ ਦੀ ਲਾਗਤ ਵਾਲੀ ਜਮੀਨ ਖ਼ਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਸ ’ਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਹਸਪਤਾਲ ਬਣਨ ਨਾਲ ਪੰਜਾਬ ਵਾਸੀਆਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਸੇ ਕੜੀ ਤਹਿਤ ਨਕੋਦਰ ਤਹਿਸੀਲ ਦੇ ਪਿੰਡ ਸਿਧਵਾਂ ਵਿੱਚ ਵੀ 13.65 ਲੱਖ ਰੁਪਏ ਦੀ ਲਾਗਤ ਨਾਲ ਕਬਰਿਸਤਾਨ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ।
————–
ਫੋਟੋ ਕੈਪਸ਼ਨ :– ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਵਕਫ਼ ਬੋਰਡ ਦੇ ਚੇਅਰਮੈਨ ਤੇ ਏ.ਡੀ.ਜੀ.ਪੀ. ਐਮ.ਐਫ. ਫਾਰੂਕੀ ਕਰਤਾਰਪੁਰ ਦੀ ਮਦੀਨਾ ਤਕੀਆ ਵਾਲੀ ਮਸਜਿਦ ਦੇ ਵਿਕਾਸ ਲਈ 11 ਲੱਖ ਰੁਪਏ ਦਾ ਚੈਕ ਪ੍ਰਬੰਧਕਾਂ ਨੂੰ ਸੌਂਪਦੇ ਹੋਏ।