ਜਲੰਧਰ। ਅੱਜ ਮਾਤਾ ਕਲਸਾਂ ਮੈਮੋਰੀਅਲ ਪਬਲਿਕ ਸਕੂਲ, ਗੋਪਾਲ ਨਗਰ ਵਿਖੇ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਦੀ ਧਰਮਪਤਨੀ ਮਾਤਾ ਰਮਾਬਾਈ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮਾਤਾ ਰਮਾਬਾਈ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਮਾਜ ਸੇਵੀ ਸੰਸਥਾ ‘ਅਮਲ’ ਦੇ ਕਨਵੀਨਰ ਸਾਹਿਲ ਕੁਮਾਰ ਯਾਦਵ ਨੇ ਸਕੂਲ ਦੇ ਬੱਚਿਆਂ ਅਤੇ ਆਏ ਹੋਏ ਸਾਰੇ ਹੋਰ ਸਾਥੀਆਂ ਨੂੰ ਮਾਤਾ ਰਮਾਬਾਈ ਅੰਬੇਡਕਰ ਜੀ ਦੇ ਜੀਵਨ, ਤਿਆਗ ਅਤੇ ਸਮਰਪਣ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਮਹਾਨ ਮਹਾਂਪੁਰਸ਼ ਬਣਾਉਣ ਵਿੱਚ ਪ੍ਰਮੁੱਖ ਯੋਗਦਾਨ ਮਾਤਾ ਰਮਾਬਾਈ ਅੰਬੇਡਕਰ ਜੀ ਦਾ ਹੀ ਸੀ। ਮਾਤਾ ਰਮਾਬਾਈ ਤਿਆਗ ਦੀ ਮੂਰਤ ਸਨ ਅਤੇ ਉਹ ਸਮਰਪਣ, ਹੌਸਲੇ ਅਤੇ ਸੰਘਰਸ਼ ਦੀ ਅਜਿਹੀ ਮਿਸਾਲ ਹਨ ਜੋ ਬਹੁਤ ਘੱਟ ਹੀ ਦੇਖਣ-ਸੁਣਨ ਨੂੰ ਮਿਲਦੀ ਹੈ। ਰਮਾਬਾਈ ਜੀ ਨੇ ਅਨੇਕਾਂ ਕਸ਼ਟ-ਦੁੱਖ ਝੱਲੇ ਇੱਥੋਂ ਤੱਕ ਕਿ ਉਨ੍ਹਾਂ ਦੇ ਬੱਚੇ ਵੀ ਦਵਾਈ ਦੀ ਘਾਟ ਕਾਰਨ ਇਸ ਦੁਨੀਆਂ ਤੋਂ ਰੁਖਸਤ ਹੋ ਗਏੇ ਪਰ ਮਾਤਾ ਰਮਾਬਾਈ ਨੇ ਇੰਨੇ ਵੱਡੇ ਦੁੱਖ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ ਅਤੇ ਬਾਬਾ ਸਾਹਿਬ ਨੂੰ ਆਪਣੇ ਮਕਸਦ ਤੋਂ ਡੋਲਣ ਨਹੀਂ ਦਿੱਤਾ। ਇਸ ਮੌਕੇ ਸੰਸਥਾ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਅਮਨਦੀਪ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮਾਤਾ ਰਮਾਬਾਈ ਔਰਤਾਂ ਦੀ ਪ੍ਰੇਰਣਾਸ੍ਰੋਤ ਹਨ। ਬਾਬਾ ਸਾਹਿਬ ਨੂੰ ਉਨ੍ਹਾਂ ਦੇ ਮਕਸਦ ਨੂੰ ਪੂਰਾ ਕਰਨ ਲਈ ਜੋ ਸਮਰਪਣ ਰਮਾਬਾਈ ਜੀ ਨੇ ਕੀਤਾ ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹੀ ਮਹਾਨ ਸ਼ਖਸੀਅਤ ਨੂੰ ਸਾਡਾ ਕੋਟਿ-ਕੋਟਿ ਨਮਨ ਹੈ। ਇਸ ਮੌਕੇ ਮੈਡਮ ਮੋਨਿਕਾ ਅਵਸਥੀ, ਸੁਨੀਤਾ ਸ਼ਰਮਾ, ਦਿਸ਼ਾ, ਜਸਵੀਰ ਕੌਰ, ਸੁਖਵਿੰਦਰ ਕੌਰ, ਗੀਤਾ ਆਦਿ ਹਾਜ਼ਰ ਸਨ।
ਕੈਪਸ਼ਨ-ਮਾਤਾ ਰਮਾਬਾਈ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ‘ਅਮਲ’ ਦੇ ਕਨਵੀਨਰ ਸਾਹਿਲ ਯਾਦਵ, ਮੈਡਮ ਅਮਨਦੀਪ, ਮੋਨਿਕਾ ਅਵਸਥੀ ਆਦਿ।