ਪੰਜਾਬ ਵਕਫ ਬੋਰਡ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰੇਗਾ : ਐਮ.ਐਫ ਫਾਰੂਕੀ

- ਕਪੂਰਥਲਾ ਵਿਖੇ ਇਸਲਾਮੀਆਂ ਮਾਡਲ ਸਕੂਲ ਵਿਚ ਨਵੀਂ ਲੈਬ ਦਾ ਉਦਘਾਟਨ - ਸਕੂਲ ਲਈ ਪ੍ਰਤੀ ਮਹੀਨਾ ਗ੍ਰਾਂਟ 8 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਰੁਪਏ ਕੀਤੀ

0
2

ਕਪੂਰਥਲਾ, 24 ਮਈ

ਏ.ਡੀ.ਜੀ.ਪੀ ਪੰਜਾਬ ਪੁਲਿਸ-ਕਮ-ਪ੍ਰਬੰਧਕ ਪੰਜਾਬ ਵਕਫ ਬੋਰਡ ਐਮ.ਐਫ ਫਾਰੂਕੀ ਨੇ ਕਿਹਾ ਹੈ ਕਿ ਪੰਜਾਬ ਵਕਫ ਬੋਰਡ ਵਲੋਂ ਆਪਣੇ ਤਹਿਤ ਚੱਲ ਰਹੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਅੱਜ ਇੱਥੇ ਸਥਾਨਕ ਇਸਲਾਮੀਆ ਮਾਡਲ ਸਕੂਲ ਵਿਖੇ ਨਵੀਂ ਬਣਾਈ ਅਤਿ ਆਧੁਨਿਕ ਕੰਪਿਊਟਰ ਲੈਬ ਦਾ ਉਦਘਾਟਨ ਕਰਨ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੀ ਤਰੱਕੀ ਦਾ ਆਧਾਰ ਹੈ ਅਤੇ ਪੰਜਾਬ ਵਕਫ ਬੋਰਡ ਬੱਚਿਆਂ ਨੂੰ ਸਮੇਂ ਦੇ ਹਾਣ ਦੇ ਸਿੱਖਿਆ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਦੇ ਕਾਬਿਲ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ 1990 ਤੋਂ ਚੱਲ ਰਹੇ ਇਸਲਾਮੀਆ ਮਾਡਲ ਸਕੂਲ ਵਿਖੇ ਵਿਦਿਆਰਥੀਆਂ ਲਈ ਉਪਲੱਬਧ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਇਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਵਕਫ ਬੋਰਡ ਵਲੋਂ ਸਕੂਲ ਨੂੰ ਦਿੱਤੀ ਜਾਂਦੀ 8 ਹਜ਼ਾਰ ਰੁਪਏ ਦੀ ਗ੍ਰਾਂਟ ਨੂੰ ਵਧਾ ਕੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਕੂਲ ਵਿਖੇ ਭਾਸ਼ਾ ਲੈਬ ਅਤੇ ਸਮਾਰਟ ਕਲਾਸਾਂ ਦੀ ਸਥਾਪਨਾ ਲਈ ਵੀ ਪੰਜਾਬ ਵਕਫ ਬੋਰਡ ਵਲੋਂ ਅਤਿ ਆਧੁਨਿਕ ਉਪਕਰਨ ਤੇ ਹੋਰ ਸਮੱਗਰੀ ਮੁਹੱਈਆ ਕਰਵਾਈ
ਜਾਵੇਗੀ।

ਉਨ੍ਹਾਂ ਵਲੋਂ ਅੱਜ ਸ਼ੁਰੂ ਕਰਵਾਈ ਗਈ ਕੰਪਿਊਟਰ ਲੈਬ ਵਿਚ ਵਕਫ ਬੋਰਡ ਵਲੋਂ 4 ਕੰਪਿਊਟਰ,ਪ੍ਰਿੰਟਰ,ਸਕੈਨਰ ਆਦਿ ਉਪਲਬਧ ਕਰਵਾਏ ਗਏ ਹਨ ਤਾਂ ਜੋ ਉਹ ਆਧੁਨਿਕ ਸਿੱਖਿਆ ਸਕੂਲ ਵਿਚ ਹੀ ਲੈ ਸਕਣ।
ਉਨਾਂ ਇਹ ਵੀ ਕਿਹਾ ਕਿ ਸਕੂਲ ਨੂੰ ਪ੍ਰਾਜੈੱਕਟਰ ਵੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੁਢਲੀਆਂ ਸਹੂਲਤਾਂ ਜਿਵੇਂ ਕਿ ਵਾਸ਼ਰੂਮ,ਖੇਡ ਗਰਾਂਊਡ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਕੂਲ ਪ੍ਰਬੰਧਕਾਂ ਵਲੋਂ ਏ.ਡੀ.ਜੀ.ਪੀ ਪੰਜਾਬ ਪੁਲਿਸ-ਕਮ-ਪ੍ਰਬੰਧਕ ਪੰਜਾਬ ਵਕਫ ਬੋਰਡ ਐਮ.ਐਫ ਫਾਰੂਕੀ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਲਾਮੀਆ ਮਾਡਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ,ਮੀਤ ਪ੍ਰਧਾਨ ਮੁਹੰਮਦ ਸੈਜੂਫ, ਜਨਰਲ ਸਕੱਤਰ ਐਡਵੋਕੇਟ ਮੁਹੰਮਦ ਰਫੀਕ,ਸਕੱਤਰ ਮੇਹਰਬਾਨ ਅਲੀ,ਖਜਾਨਚੀ ਮੁਹੰਮਦ ਇਸਹਾਕ ਅਨਸਾਰੀ,ਪ੍ਰਚਾਰ ਸਕੱਤਰ ਮੁਹੰਮਦ ਸਲੀਮ ਅਨਸਾਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here