ਮੋਗਾ, 17 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਨਿਖੇਧੀ ਕੀਤੀ ਜਿਸਦੇ ਰਾਜ ਵਿਚ ਪੰਜਾਬ ਪੁਲਿਸ ਮੋਗਾ ਦੇ ਸੁਨਿਆਰੇ ਦੇ ਕਾਤਲਾਂ ਨੂੰ 5 ਦਿਨਾਂ ਬਾਅਦ ਵੀ ਫੜਨ ਵਿਚ ਨਾਕਾਮ ਰਹੀ ਹੈ ਤੇ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਕੋਲ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦੁਆਉਣ ਦੀ ਵੀ ਵਿਹਲ ਨਹੀਂ ਹੈ।
ਅੱਜ ਇਥੇ ਸੁਨਿਆਰੇ ਪਰਮਿੰਦਰ ਵਿੱਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸੁਨਿਆਰੇ ਦਾ ਕਤਲ ਹੋਏ ਨੂੰ 5 ਦਿਨ ਦਾ ਸਮਾਂ ਬੀਤ ਚੁੱਕਾ ਹੈ ਅਤੇ ਉਸ ਘਟਨਾ ਦੀ ਸੀ ਸੀ ਟੀ ਵੀ ਵੀਡੀਓ ਵਿਚ ਸਪਸ਼ਟ ਹੋ ਰਿਹਾ ਹੈ ਕਿ ਅਪਰਾਧੀਆਂ ਨੇ ਘਟਨਾ ਵੇਲੇ ਆਪਣਾ ਮੂੰਹ ਲਪੇਟਣ ਦੀ ਲੋੜ ਵੀ ਨਹੀਂ ਸਮਝੀ। ਉਹਨਾਂ ਕਿਹਾ ਕਿ ਜਦੋਂ ਇਹਨਾਂ ਪੰਜਾਂ ਕਾਤਲਾਂ ਦੇ ਚੇਹਰਿਆਂ ਤੋਂ ਸਪਸ਼ਟ ਹੈ ਕਿ ਇਹ ਕੌਣ ਹਨ ਪਰ ਇਸਦੇ ਬਾਵਜੂਦ ਪੁਲਿਸ ਉਹਨਾਂ ਨੂੰ ਫੜਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਪੁਖ਼ਤਾ ਸਬੂਤ ਹੋਣ ਦੇ ਬਾਵਜੂਦ ਇਹ ਹਾਲ ਹੈ ਤਾਂ ਫਿਰ ਕੋਈ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਹੜੇ ਮਾਮਲਿਆਂ ਵਿਚ ਅਪਰਾਧੀ ਮੂੰਹ ਲਪੇੜ ਕੇ ਅਪਰਾਧ ਕਰਦੇ ਹਨ, ਉਹਨਾਂ ਵਿਚ ਕੀ ਹੁੰਦਾ ਹੋਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੇ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਹਨਾਂ ਵਿਚੋਂ ਕੋਈ ਵੀ ਹੱਲ ਨਹੀਂ ਹੋਇਆ।
ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਵਪਾਰੀਆਂ, ਡਾਕਟਰਾਂ ਤੇ ਹੋਰ ਵਪਾਰੀਆਂ ਨੂੰ ਸੁਰੱਖਿਅਤ ਰਹਿਣ ਲਈ ਫਿਰੌਤੀਆਂ ਦੇਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਫਿਰੌਤੀ ਦੀਆਂ ਕਾਲਾਂ ਦੀ ਜਾਣਕਾਰੀ ਪੁਲਿਸ ਨੂੰ ਦਿੰਦਾ ਹੈ ਤਾਂ ਫਿਰ ਅਪਰਾਧੀ ਆਪ ਹੀ ਉਸਨੂੰ ਫੋਨ ਕਰ ਕੇ ਦੱਸ ਦਿੰਦਾ ਹੈ ਕਿ ਉਹ ਕਿਸ ਪੁਲਿਸ ਅਫਸਰ ਨੂੰ ਮਿਲ ਕੇ ਆਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਇਹਨਾਂ ਅਪਰਾਧੀਆਂ ਦੀ ਸਰਕਾਰ ਜਾਂ ਪੁਲਿਸ ਅਧਿਕਾਰੀਆਂ ਵਿਚੋਂ ਕੋਈ ਪੁਸ਼ਤ ਪਨਾਹੀ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦੁਆਉਣ ਦੀ ਵਿਹਲ ਨਹੀਂ ਹੈ ਸਗੋਂ ਉਹ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨਾਲ ਹੋਰ ਰਾਜਾਂ ਦੇ ਦੌਰ ’ਤੇ ਰਹਿੰਦੇ ਹਨ ਤੇ ਦਿੱਲੀ ਵਾਸਤੇ ਹਮਾਇਤ ਜੁਟਾ ਰਹੇ ਹਨ।
ਅਕਾਲੀ ਆਗੂ ਨੇਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਮੋਗਾ ਦੇ ਵਪਾਰੀ ਦੀ ਜਾਨ ਬਚ ਸਕਦੀ ਸੀ। ਉਹਨਾਂ ਕਿਹਾ ਕਿ ਸੁਨਿਆਰੇ ਨੂੰ ਦੁਪਹਿਰ 2.00 ਵਜੇ ਮੋਗਲੀ ਗਈ ਤੇ ਉਹਨਾਂ ਦੀ ਮੌਤ 3.30 ਵਜੇ ਦੁਪਹਿਰ ਬਾਅਦ ਹੋਈ। ਇਸ ਤਰੀਕੇ ਕੀਮਤੀ ਡੇਢ ਘੰਟਾ ਗੁਆ ਲਿਆ ਗਿਆ ਕਿਉਂਕਿ ਇਥੇ ਉਸਦੀ ਜਾਨ ਬਚਾਉਣ ਲਈ ਲੋੜੀਂਦਾ ਸਿਹਤ ਸਹੂਲਤਾਂ ਦਾ ਢਾਂਚਾ ਨਹੀਂ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਸਿਹਤ ਕੇਂਦਰਾਂ ਦੀ ਸੰਭਾਲ ਨਹੀਂ ਕਰ ਰਹੀ ਤੇ ਉਲਟਾ ਕਰੋੜਾਂ ਰੁਪਏ ਝੂਠੇ ਦਾਅਵਿਆਂ ਦੇ ਇਸ਼ਤਿਹਾਰਾਂ ’ਤੇ ਖਰਚ ਕਰ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਇਹ ਮਾਮਲਾ ਡੀ ਜੀ ਪੀ ਕੋਲ ਚੁੱਕਣਗੇ ਤੇ ਉਹਨਾਂ ਨੂੰ ਚਿੱਠੀ ਵੀ ਲਿਖਣਗੇ ਕਿ ਦੋਸ਼ੀਆਂ ਨੂੰ ਬਿਨਾਂ ਹੋਰ ਦੇਰੀ ਦੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ।