ਜਲੰਧਰ, 23 ਅਗਸਤ _ ਪੰਜਾਬ ਦੇ ਖੇਤਬਾੜੀ ਤੇ ਕਿਸਾਨ ਭਲਾਈ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ ਵਲੋਂ ਨਕੋਦਰ ਸਹਿਕਾਰੀ ਖੰਡ ਮਿਲ ਵਿਖੇ ਸਥਾਪਿਤ ਕੀਤੇ ਗਏ ਫਿਲਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਮਿਲ ਵਿੱਚ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਖੁੱਡੀਆਂ ਜਿਨ੍ਹਾਂ ਕੋਲ ਖੇਤੀਬਾੜੀ ਦੇ ਨਾਲ-ਨਾਲ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਵੀ ਹੈ , ਵਲੋਂ ਖੰਡ ਮਿੱਲ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਮਿਲਾਂ ਵਿੱਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਤੇਲ ਪੰਪ (ਪੈਟਰੋਲ ਤੇ ਡੀਜ਼ਲ) ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਕੋਦਰ ਮਿਲ ਵਿਖੇ ਲਗਾਏ ਗਏ ਤੇਲ ਪੰਪ ਦੀ ਸਮਰੱਥਾ 20000 ਲੀਟਰ ਹੈ ਅਤੇ ਜਿਸ ਵਿੱਚ ਡੀਜ਼ਲ ਦੇ ਦੋ ਟੈਂਕ ਹਨ।
ਉਨ੍ਹਾਂ ਕਿਹਾ ਕਿ ਮਿਲ ਵਿੱਚ ਪੈਟਰੋਲ ਪੰਪ ਲੱਗਣ ਨਾਲ ਜਿਥੇ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਉਥੇ ਹੀ ਉਨ੍ਹਾਂ ਨੂੰ ਸਾਫ਼-ਸੁਥਰਾ ਅਤੇ ਪੂਰੀ ਮਿਕਦਾਰ ਵਿੱਚ ਤੇਲ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮਿਲਾਂ ਦੀ ਵਿੱਤੀ ਆਮਦਨ ਵਧਾਉਣ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਦੇ ਸਾਰਥਕ ਨਤੀਜੇ ਜਲਦ ਸਾਹਮਣੇ ਹੋਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੈਟਰੋਲ ਪੰਪ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਸ਼ੂਗਰਫੈਡ ਪੰਜਾਬ ਦਰਮਿਆਨ ਹੋਏ ਇਕਰਾਰਨਾਮੇ ਤਹਿਤ ਸਾਂਝੇ ਉਦੱਮ ਨਾਲ ਸਹਿਕਾਰੀ ਖੰਡ ਮਿਲ ਨਕੋਦਰ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਨਾਲ ਮਿਲ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਨਕੋਦਰ ਖੰਡ ਮਿੱਲ ਵਲੋਂ ਪਿੜਾਈ ਸੀਜ਼ਨ 2022-23 ਦੌਰਾਨ 17.32 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਗੰਨੇ ਦੀ ਬਣਦੀ ਕੀਮਤ 100 ਪ੍ਰਤੀਸ਼ਤ ਅਦਾਇਗੀ ਕੀਤੀ ਜਾ ਚੁੱਕੀ ਹੈ।
ਨਕੋਦਰ ਤੋਂ ਵਿਧਾਇਕਾ ਸ੍ਰੀਮਤੀ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਖੇਤੀਬਾੜੀ ਮੰਤਰੀ ਦਾ ਧੰਨਵਾਦ ਕੀਤਾ ਉਥੇ ਹੀ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ੂਗਰ ਮਿਲ ਰਾਹੀਂ ਹਲਕੇ ਦੇ ਲੋਕਾਂ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਇਸ ਮੌਕੇ ਸ਼ੂਗਰਫੈਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਐਮ.ਡੀ. ਸ਼ੂਗਰਫੈਡ ਅਰਵਿੰਦਪਾਲ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਤਨ ਸਿੰਘ ਕਾਕੜ ਕਲਾਂ , ਜੀ.ਐਮ. ਸ਼ੂਗਰ ਮਿਲ ਨਕੋਦਰ ਸੁਭਾਸ਼ ਚੰਦਰ, ਚੇਅਰਮੈਨ ਸ਼ੂਗਰ ਮਿਲ ਅਸ਼ਵਿੰਦਰਪਾਲ ਸਿੰਘ, ਵਾਈਸ਼ ਚੇਅਰਮੈਨ ਹਰਦੇਵ ਸਿੰਘ ਔਜਲਾ, ਡਾਇਰੈਕਟਰ ਰੌਸ਼ਨ ਸਿੰਘ, ਦਲਬੀਰ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਆਗੂ ਹਾਜ਼ਰ ਸਨ।