ਪੱਟੀ – ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਫਰੀ ਸਸਫਰ ਦੀ ਸੁਵਿਧਾ ਦਿੱਤੀ ਗਈ ਹੈ ਉਸ ਤੋਂ ਬਾਅਦ ਪੰਜਾਬ ਰੋਡਵੇਜ਼ ਦੀ ਆਰਥਿਕ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਲੜਾਈ ਝਗੜੇ ਦੇ ਮਾਮਲੇ ਵਧ ਰਹੇ ਹਨ, ਇਹੋ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਬੱਸ ਦੇ ਅੰਦਰ ਬੈਠਣ ਨੂੰ ਲੈ ਕੇ ਔਰਤਾਂ ਦੀ ਆਪਸ ਵਿੱਚ ਕਾਫ਼ੀ ਲੜਾਈ ਹੋ ਗਈ। ਇਹ ਘਟਨਾ ਪੱਟੀ ਬੱਸ ਸਟੈਂਡ ਦੀ ਦੱਸੀ ਜਾ ਰਹੀ ਹੈ ਜਿਸ ਵਿਚ ਸਵਾਰੀਆਂ ਦੀ ਸੰਖਿਆ ਕਾਫ਼ੀ ਜ਼ਿਆਦਾ ਸੀ। ਬੱਸ ਦੇ ਅੰਦਰ ਬੈਠਣ ਨੂੰ ਲੈ ਕੇ ਦੋ ਔਰਤਾਂ ਦੀ ਕਾਫ਼ੀ ਲੜਾਈ ਹੋਈ, ਇਸ ਲੜਾਈ ਦੌਰਾਨ ਔਰਤਾਂ ਨੇ ਇਕ ਦੂਸਰੇ ਦੇ ਵਾਲ ਪੁੱਟੇ ਅਤੇ ਕਾਫ਼ੀ ਖਿੱਚ ਧੂਹ ਕੀਤੀ। ਇਸ ਦੌਰਾਨ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਕੁਝ ਯਾਤਰੀਆਂ ਵੱਲੋਂ ਇਸ ਲੜਾਈ ਨੂੰ ਸ਼ਾਂਤ ਕਰਵਾਇਆ ਗਿਆ। ਇਸ ਪੂਰੀ ਘਟਨਾ ਨੂੰ ਉਥੇ ਦੇ ਕਈ ਲੋਕਾਂ ਵੱਲੋਂ ਆਪਣੇ ਕੈਮਰੇ ਵਿਚ ਕੈਦ ਕੀਤਾ ਗਿਆ ਹੈ ਜੋ ਅੱਜ-ਕੱਲ ਸੋਸ਼ਲ ਮੀਡੀਆ ਵਿੱਚ ਕਾਫੀ ਵਾਇਰਲ ਹੋ ਰਹੀ ਹੈ। ਗੋਰ ਹੈ ਕਿ ਪੰਜਾਬ ਸਰਕਾਰ ਦੇ ਕੋਲ ਆਪਣੀਆ ਬੱਸਾ ਨੂੰ ਚਲਾਉਣ ਵਾਸਤੇ ਨਾ ਡਰਾਈਵਰ ਹਨ ਅਤੇ ਨਾ ਹੀ ਪੂਰੇ ਕੰਡਕਟਰ ਹਨ ਜਿਸ ਕਰਕੇ ਪੰਜਾਬ ਰੋਡਵੇਜ਼ ਦੀਆਂ 550 ਬੱਸਾਂ ਸੂਬੇ ਦੇ ਅਲੱਗ-ਅਲੱਗ ਡਿਪੂਆਂ ਵਿੱਚ ਖੜ੍ਹੀਆਂ ਹਨ, ਇਸ ਕਾਰਣ ਕਰਕੇ ਔਰਤਾਂ ਦੀ ਇਸ ਤਰ੍ਹਾਂ ਲੜਾਈ ਦੇ ਇਹ ਮਾਮਲੇ ਆਮ ਦੇਖਣ ਨੂੰ ਮਿਲਦੇ ਹਨ। ਪੰਜਾਬ ਸਰਕਾਰ ਅਤੇ ਸੂਬੇ ਦੇ ਟਰਾਂਸਪੋਰਟ ਵਿਭਾਗ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।