ਜਲੰਧਰ :
ਪੰਜਾਬ ਸਰਕਾਰ ਦੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਆਰਥਿਕ ਪਖੋਂ ਹੋਰ ਮਜ਼ਬੂਤ ਕਰਨ ਦੇ ਮੰਤਵ ਤਹਿਤ ‘ਸਿੱਧਾ ਕਰਜ਼ਾ ਸਕੀਮ’ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਵਿਅਕਤੀ ਜੋ ਆਪਣਾ ਨਵਾਂ ਕੰਮ ਜਿਵੇਂ ਕਿ ਡੇਅਰੀ ਫਾਰਮ, ਕਰਿਆਨਾ ਦੁਕਾਨਾ, ਬੁਟੀਕ ਦਾ ਕੰਮ, ਬਿਊਟੀ ਪਾਰਲਰ, ਕੱਪੜੇ ਦਾ ਕੰਮ, ਬੱਕਰੀ ਪਾਲਣ ਆਦਿ ਸ਼ੁਰੂ ਕਰਨਾ ਚਾਹੁੰਦੇ ਹਨ ਜਾਂ ਆਪਣੇ ਪੁਰਾਣੇ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਇਸ ਸਕੀਮ ਤਹਿਤ 5 ਲੱਖ ਰੁਪਏ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਵਿਅਕਤੀ, ਜਿਨ੍ਹਾਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ ਅਤੇ ਜੋ ਵਿਅਕਤੀ ਸਬਸਿਡੀ ਦੇ ਯੋਗ ਹੁੰਦੇ ਹਨ ਉਨ੍ਹਾਂ ਨੂੰ ਕਰਜ਼ੇ ਦੀ ਰਕਮ ਦਾ 50 ਪ੍ਰਤੀਸ਼ਤ ਜਾਂ 50,000 ਰੁਪਏ ਜੋ ਵੀ ਘੱਟ ਹੋਵੇ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਸਕੀਮ ਤਹਿਤ 50,000 ਰੁਪਏ ਤੱਕ ਦੇ ਕਰਜ਼ ’ਤੇ ਵਿਆਜ ਦੀ ਦਰ 5 ਪ੍ਰਤੀਸ਼ਤ ਅਤੇ 50,000 ਰੁਪਏ ਤੋਂ ਵੱਧ ਦੇ ਕਰਜ਼ ’ਤੇ ਵਿਆਜ ਦੀ ਦਰ 8 ਪ੍ਰਤੀਸ਼ਤ ਹੈ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਪਣੀ ਅਰਜ਼ੀ ਜ਼ਿਲ੍ਹੇ ਨਾਲ ਸਬੰਧਿਤ ਪੰਜਾਬ ਅਨੁਸੂਚਿਤ ਜਾਤੀਆਂ, ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਸਿੱਧਾ ਕਰਜ਼ਾ ਸਕੀਮ’ ਤਹਿਤ ਕਰਜ਼ਾ ਪ੍ਰਾਪਤ ਕਰਨ ਲਈ ਲਾਭਪਾਤਰੀ ਨੂੰ ਆਪਣੇ ਬਿਨੈਪੱਤਰ ਨਾਲ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ ਅਤੇ ਵੋਟਰ ਕਾਰਡ ਦੀ ਫੋਟੀ ਕਾਪੀ ਲਗਾਉਣੀ ਹੋਵੇਗੀ।
ਇਸ ਸਕੀਮ ਲਈ ਉਮੀਦਵਾਰ ਦੀ ਉਮਰ 18 ਤੋਂ 55 ਸਾਲ ਅਤੇ ਕਰਜ਼ੇ ਦੀ ਰਕਮ ਦੇ ਬਰਾਬਰ ਦੀ ਕੀਮਤੀ ਦੀ ਲਾਲ ਲਕੀਰ ਤੋਂ ਬਾਹਰ ਦੀ ਅਚੱਲ ਜਾਇਦਾਦ ਲੋੜੀਂਦੀ ਹੈ। ਉਨ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਰੱਖਣ ਵਾਲੇ ਵਿਅਕਤੀਆਂ ਨੂੰ ਸੱਦਾ ਦਿੱਤਾ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਕੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਈ ਜਾਵੇ।